ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਸਕਦਾ। ਉਹਦੀ ਮਾਂ ਦਿਆਂ ਨੈਣਾਂ ਵਿਚ ਛਲਕਦੇ ਅਥਰੂ ਉਹਦਾ ਰਾਹ ਰੋਕ ਲੈਂਦੇ।

ਮਿਰਜ਼ੇ ਬਿਨਾਂ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ ਸਹੇਲੀਆਂ ਢਾਰਸਾਂ ਬਨਾਈਆਂ। ਮਤਰੇਈ ਮਾਂ ਦੇ ਨਿਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ।

ਤੇ ਖੀਵਾ ਖਾਨ ਸਾਹਿਬਾਂ ਦੀ ਮੰਗਣੀ ਚੰਧੜਾਂ ਦੇ ਇਕ ਮੁੰਡੇ ਨਾਲ ਕਰ ਆਇਆ ਤੇ ਵਿਆਹ ਦੇ ਦਿਨ ਵੀ ਧਰ ਦਿੱਤੇ। ਜਦੋਂ ਅਪਣੇ ਮੰਗਣੇ ਅਤੇ ਵਿਆਹ ਦੀ ਕਨਸੋ ਸਾਹਿਬਾਂ ਦੇ ਕੰਨੀ ਪਈ ਤਾਂ ਉਹ ਤੜਪ ਉੱਠੀ, ਹਨੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ। ਉਹ ਸਾਰੀ ਰਾਤ ਰਜਾਈ ਵਿਚ ਮੂੰਹ ਦਈ ਡੁਸਕਦੀ ਰਹੀ, ਹਟਕੋਰੇ ਭਰਦੀ ਰਹੀ, ਅਪਣੇ ਧੁੰਧਲੇ ਭਵਿਖ ਬਾਰੇ ਸੋਚਦੀ ਰਹੀ ਅਤੇ ਅਪਣੀਆਂ ਮੁਟਿਆਰ ਹੋਈਆਂ ਸਧਰਾਂ ਤੇ ਗੜੇਮਾਰ ਹੁੰਦੀ ਉਹ ਮਹਿਸੂਸ ਕਰਦੀ ਰਹੀ!

ਦੂਜੀ ਭਲਕ ਸਾਹਿਬਾਂ ਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ ਮਿਰਜ਼ੇ ਲਈ ਸੁਨੇਹਾ ਘਲ ਦਿੱਤਾ:

"ਮਿਰਜ਼ਿਆ ਅਗਲਿਆਂ ਕਸਰ ਨਹੀਂ ਜੇ ਛੱਡੀ। ਮੇਰੇ ਵਿਆਹ ਦੇ ਦਿਨ ਧਰ ਦਿਤੇ ਨੇ। ਜੇ ਤੈਨੂੰ ਮੇਰੇ ਨਾਲ ਪਿਆਰ ਹੈ ਤਾਂ ਸੱਭੋ ਕੰਮ ਛੱਡ ਕੇ ਵਿਆਹ ਤੋਂ ਪਹਿਲੋਂ ਆ ਕੇ ਮਿਲ? ਮੈਨੂੰ ਤੇਰੇ ਬਿਨਾਂ ਚੈਨ ਨਹੀਂ ਆਉਂਦਾ ਪਿਆ। ਜੇ ਤੂੰ ਨਾ ਆਇਓ ਤਾਂ ਮੇਰਾ ਨਿਕਾਹ ਮੇਰੀ ਲਾਸ਼ ਨਾਲ ਹੀ ਹੋਵੇਗਾ।"

ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਹੀ ਮਿਰਜ਼ਾ ਤੜਪ ਉਠਿਆ! ਉਹਦੇ ਡੌਲੇ ਫਰਕ ਉਠੇ। ਉਸ ਆਪਣਾ ਤੀਰਾਂ ਦਾ ਤਰਕਸ਼, ਕਮਾਣ ਤੇ ਨੇਜ਼ਾ ਸੰਭਾਲਿਆ ਅਪਣੀ ਪਿਆਰੀ ਬੱਕੀ ਸ਼ੰਗਾਰੀ ਤੇ ਝੰਗ ਨੂੰ ਟੁਰਨ ਲਈ ਤਿਆਰ ਹੋ ਗਿਆ। ਉਹਦੀ ਮਾਂ ਨੇ ਘੋੜੀ ਦੀ ਵਾਗ ਜਾ ਫੜੀ, "ਪੁੱਤਰ ਮਿਰਜ਼ਿਆ ਘਰ ਭੈਣ ਦੀ ਬਰਾਤ ਢੁਕਣ ਵਾਲੀ ਹੈ ਤੇ ਤੂੰ ਘਰੋਂ ਟੁਰ ਪਿਐ।" ਤੇ ਖੀਵੀ ਦੀਆਂ ਅੱਖਾਂ ਵਿੱਚੋਂ ਮਮਤਾ ਦੇ ਅਥਰੂ ਵਗ ਰੇ।

60