ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮਾਂ ਜੇ ਅਜ ਮੈਂ ਝੰਗ ਨਾ ਅਪੜਿਆ ਤਾਂ ਸਾਹਿਬਾਂ ਕੁਝ ਖਾਕੇ ਮਰ ਜਾਵੇਗੀ। ਮੈਂ ਸਾਹਿਬਾਂ ਬਿਨਾਂ ਜੀ ਨਹੀਂ ਸਕਦਾ। ਮੇਰਾ ਰਾਹ ਛਡਦੇ ਮਾਂ। ਉਸ ਦੀ ਜਿੰਦ ਨੂੰ ਬਚਾਣਾ ਮੇਰੇ ਲਈ ਬਹੁਤ ਜ਼ਰੂਰੀ ਏ। ਉਹ ਮੇਰਾ ਰਾਹ ਤਕਦੀ ਪਈ ਏ"

"ਪੁੱਤਰ ਮਿਰਜ਼ਿਆ, ਜਵਾਨੀਆਂ ਮਾਣੇ। ਚੰਗਾ ਦੇਰ ਨਾ ਕਰ ਛੇਤੀ ਜਾਹ। ਪੁੱਤਰਾਂ ਖ਼ਰਲਾਂ ਦੇ ਖੂਨ ਨੂੰ ਦਾਗ ਨਾ ਲਾਈਂ ਸਾਹਿਬਾਂ ਨੂੰ ਨਾਲ ਲੈ ਕੇ ਮੁੜੀ।"

ਤੇ ਮਿਰਜ਼ੇ ਦੀ ਮਾਂ ਨੇ ਰੱਬ ਅੱਗੇ ਦੋਨੋਂ ਹਥ ਜੋੜ ਦਿੱਤੇ। ਬੱਕੀ ਰੇਵੀਆ ਚਾਲ ਫੜਦੀ ਹਵਾ ਨਾਲ ਗੱਲਾਂ ਕਰਨ ਲੱਗੀ।

ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਪੁਜ ਚੁੱਕੀ ਸੀ ਤੇ ਜਾਂਜੀ ਸ਼ਰਾਬ ਵਿਚ ਮਸਤ ਆਤਸ਼-ਬਾਜ਼ੀਆਂ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ। ਮਿਰਜ਼ੇ ਦਾ ਦਿਲ ਧੜਕਿਆ। ਅਜ ਦੀ ਰਾਤ ਸਾਹਿਬਾਂ ਦਾ ਨਿਕਾਹ ਪੜ੍ਹਿਆ ਜਾਣਾ ਸੀ। ਤੇ ਸਾਹਿਬਾਂ ਉਹ ਨੂੰ ਉਡੀਕਦੀ ਉਡੀਕਦੀ ਬੇ-ਆਸ ਹੋ ਚੁੱਕੀ ਸੀ।

ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਬੀਬੋ ਲਈ ਜਿਵੇਂ ਚੰਦ ਚੜ੍ਹ ਗਿਆ ਹੋਵੇ। ਉਸ ਬੱਚੇ ਖੁਦਾ ਦਾ ਲਖ ਲਖ ਸ਼ੁਕਰ ਕੀਤਾ ਤੇ ਉਹ ਉਸੇ ਵੇਲੇ ਸਾਹਿਬਾਂ ਨੂੰ ਮਿਰਜ਼ੇ ਦੇ ਪੁਜ ਜਾਣ ਦੀ ਖਬਰ ਦੇ ਆਈ।

ਸਾਹਿਬਾਂ ਘਰਦਿਆਂ ਪਾਸੋਂ ਅਖ ਬਚਾਕੇ ਬੀਬੋ ਦੇ ਘਰ ਪੁਜ ਗਈ। ਉਸ ਮਿਰਜ਼ੇ ਦੁਆਲੇ ਬਾਹਾਂ ਵਲ ਦਿੱਤੀਆਂ ਤੇ ਸਕਣ ਲੱਗ ਪਈ।

"ਸਾਹਿਬਾਂ ਰੋ ਕੇ ਕੁਝ ਨਹੀਂ ਜੇ ਬਣਨਾ। ਹੌਸਲਾ ਕਰ। ਤੇਰਾ ਵਿਆਹ ਹੁਣ ਰੁਕ ਨਹੀਂ ਸਕਦਾ। ਮਾਂ ਮੇਰੀ ਬਹੁਤੇਰੇ ਵਾਸਤੇ ਪਾ ਚੁੱਕੀ ਏ। ਮਾਮਾ ਨਹੀਂ ਮੰਨਿਆ। ਇਹ ਝੂਠੀ ਲੋਕ ਲਾਜ, ਇਹ ਝੂਠੀਆਂ ਰਸਮਾਂ ਸਾਡੇ ਰਾਹ ਵਿਚ ਰੋਕਾਂ ਬਣ ਖਲੋਈਆਂ ਨੇ। ਸਾਡਾ ਮਜ਼ਹਬ ਤੇਰੇ ਮੇਰੇ ਵਿਆਹ ਦੀ ਆਗਿਆ ਦੇਂਦਾ ਏ ਪਰ ਇਹ ਲੋਕ ਨਹੀਂ ਮੰਨਦੇ। ਸਾਡੀਆਂ ਰੂਹਾਂ ਨੂੰ ਕਤਲ ਕਰਕੇ ਹੀ ਇਨ੍ਹਾਂ ਨੂੰ ਸ਼ਾਂਤੀ ਮਿਲਦੀ ਏ।" ਮਿਰਜ਼ਾ ਗੰਭੀਰ ਹੋਇਆ ਸਾਹਿਬਾਂ ਦਾ ਦਿਲ ਧਰੋਣ ਲੱਗਾ।

"ਮਿਰਜ਼ਿਆ ਮੈਂ ਤੇਰੇ ਬਿਨਾਂ ਕਿਸੇ ਹੋਰ ਨੂੰ ਅਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁੱਕਿ ਏ, ਕੁਝ ਸੋਚ, ਕੁਝ ਉਪਾ ਕਰ।"

61