ਸਮੱਗਰੀ 'ਤੇ ਜਾਓ

ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

8
ਦੋ ਪੱਤਰ ਅਨਾਰਾਂ ਦੇ
ਸਾਡੀ ਗਲ਼ੀ ਲੰਘ ਮਾਹੀਆ
ਦੁੱਖ ਟੁੱਟਣ ਬਿਮਾਰਾਂ ਦੇ
9
ਦੋ ਪੱਤਰ ਅਨਾਰਾਂ ਦੇ
ਸਾਡੀ ਗਲ਼ੀ ਆ ਮਾਹੀਆ
ਤੱਪ ਟੁੱਟਣ ਬਿਮਾਰਾਂ ਦੇ
10
ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਦਿਲ ਸਜਨਾਂ ਦੇ ਡੇਰੇ ਤੇ
11
ਕਾਲ਼ਾ ਤਿੱਤਰ ਬਨੇਰੇ ਤੇ
ਬੁੱਤ ਸਾਡਾ ਏਥੇ ਵਸਦਾ
ਦਿਲ ਸਜਨਾ ਦੇ ਡੇਰੇ ਤੇ
12
ਗਲ਼ ਕੁੜਤਾ ਨਰਮੇ ਦਾ
ਰੱਬ ਤੈਨੂੰ ਹੁਸਨ ਦਿੱਤਾ
ਪਤਾ ਦਸਿਆ ਨਾ ਮਰਨੇ ਦਾ
13
ਗੱਡੀ ਆਈ ਏ ਟੇਸਣ ਤੇ
ਰੱਬ ਨੇ ਤੈਨੂੰ ਹੁਸਨ ਦਿੱਤਾ
ਸਾਨੂੰ ਰੱਜ ਕੇ ਦੇਖਣ ਦੇ
14
ਫੁੱਲਾਂ ਦੀ ਫੁਲਾਈ ਮਾਹੀਆ
ਇਕ ਤੇਰੀ ਜਿੰਦ ਬਦਲੇ
ਜਿੰਦ ਕੰਡਿਆਂ ਤੇ ਪਾਈ ਮਾਹੀਆ
15
ਫੁੱਲਾਂ ਦੀ ਫੁਲਾਈ ਮਾਹੀਆ
ਮਗਰ ਮਾਸ਼ੂਕਾਂ ਦੇ
ਆਸ਼ਕ ਫਿਰਦੇ ਸੁਦਾਈ ਮਾਹੀਆ
16
ਫੁੱਲਾ ਵੇ ਗੁਲਾਬ ਦਿਆ
ਤੈਨੂੰ ਸੀਨੇ ਨਾਲ ਲ਼ਾਵਾਂ
ਮੇਰੇ ਮਾਹੀਏ ਦੇ ਬਾਗ ਦਿਆ

54