ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਾਂ ਨੇ ਉਸਨੂੰ ਚਕ੍ਰਿਤ ਕਰ ਦਿਤਾ।

ਉਹ ਭਾਂਪ ਗਿਆ ਕਿ ਉਹ ਸਭ ਕੁਝ ਝੂਠ ਬੋਲ ਰਹੀ ਹੈ। "ਖੈਰ, ਠੀਕ ਹੈ, "ਉਸਨੇ ਉਸ ਵਲ ਵੇਖਕੇ ਕਿਹਾ ਫਿਰ ਨਜ਼ਰ ਝੁਕਾ ਲਈ। "ਮੈਂ ਉਧਰ ਚਲਾ ਜਾਂਦਾ ਹੈ, ਤੁਸੀਂ ਇਥੇ ਆਰਾਮ ਕਰ ਲਓ।"

ਪਾਦਰੀ ਸੇਰਗਈ ਨੇ ਦੀਵਾ ਚੁੱਕਕੇ ਉਸ ਨਾਲ ਮੋਮਬੱਤੀ ਜਗਾਈ, ਮਾਕੋਵਕਿਨਾ ਨੂੰ ਪਰਨਾਮ ਕੀਤਾ ਤੇ ਪਿੱਛੇ ਵਾਲੀ ਛੋਟੀ ਜਿਹੀ ਕੋਠੜੀ ਵਿਚ ਚਲਾ ਗਿਆ। ਮਾਕੋਵਕਿਨਾ ਨੂੰ ਸੁਣਾਈ ਦਿਤਾ ਕਿ ਸੇਰਗਈ ਉਥੇ ਕਿਸੇ ਚੀਜ਼ ਨੂੰ ਧਿੱਕ ਰਿਹਾ ਸੀ। ਸ਼ਾਇਦ ਮੇਰੇ ਤੋਂ ਬਚਣ ਲਈ ਦਰਵਾਜ਼ੇ ਦੇ ਸਾਮ੍ਹਣੇ ਕੁਝ ਰਖ ਰਿਹਾ ਹੈ, "ਉਸਨੇ ਮੁਸਕਰਾਉਂਦੀ ਨੇ ਸੋਚਿਆ ਤੇ ਫ਼ਰ ਦਾ ਕੋਟ ਇਕ ਪਾਸੇ ਸੁੱਟ ਕੇ ਵਾਲਾਂ ਵਿਚ ਉਲਝ ਗਈ ਟੋਪੀ ਤੇ ਉਸ ਦੇ ਹੇਠਾਂ ਉਣੀ ਹੋਈ ਸ਼ਾਲ ਉਤਾਰਨ ਲਗੀ। ਜਦੋਂ ਉਹ ਖਿੜਕੀ ਪਾਸ ਖੜੋਤੀ ਹੋਈ ਸੀ, ਤਾਂ ਜ਼ਰਾ ਵੀ ਠੰਡੀ ਨਹੀਂ ਹੋਈ ਸੀ ਅਤੇ ਉਸਨੇ ਸਿਰਫ ਇਸ ਲਈ ਠੰਡ ਦੀ ਦੁਹਾਈ ਦਿਤੀ ਸੀ ਕਿ ਉਹ ਉਸਨੂੰ ਅੰਦਰ ਆਉਣ ਦੇਵੇ। ਪਰ ਦਰਵਾਜ਼ੇ ਕੋਲ ਉਸਦਾ ਪੈਰ ਪਾਣੀ ਵਾਲੇ ਟੋਏ ਵਿਚ ਜਾ ਪਿਆ ਸੀ, ਖੱਬਾ ਪੈਰ ਗਿੱਟਿਆਂ ਤਕ ਭਿੱਜਾ ਹੋਇਆ ਸੀ ਤੇ ਉਸ ਦੀਆਂ ਜੁੱਤੀਆਂ ਤੇ ਉਪਰ ਦੀਆਂ ਰਬੜ ਦੀਆਂ ਜੁੱਤੀਆਂ ਵਿਚ ਪਾਣੀ ਭਰਿਆ ਹੋਇਆ ਸੀ। ਉਹ ਉਸਦੇ ਬਿਸਤਰੇ, ਭਾਵ ਤੰਗ ਜਿਹੇ ਬੈਂਚ ਉਤੇ ਬੈਠ ਗਈ, ਜਿਸ ਉਤੇ ਸਿਰਫ ਘਾਹ-ਫੂਸ ਦਾ ਗੱਦਾ ਵਿਛਿਆ ਹੋਇਆ ਸੀ, ਤੇ ਜੁੱਤੀਆਂ ਲਾਹੁਣ ਲਗੀ। ਉਸਨੂੰ ਇਹ ਕੋਠੜੀ ਬਹੁਤ ਹੀ ਚੰਗੀ ਲਗੀ। ਚਾਰ ਕੁ ਮੀਟਰ ਲੰਮੀ ਅਤੇ ਤਿੰਨ ਕੁ ਮੀਟਰ ਚੌੜੀ ਇਹ ਕੋਠੜੀ ਸ਼ੀਸ਼ੇ ਦੀ ਤਰ੍ਹਾਂ ਚਮਕ ਰਹੀ ਸੀ। ਇਸ ਵਿਚ ਸਿਰਫ ਬਿਸਤਰਾ ਸੀ, ਜਿਸ ਉਤੇ ਉਹ ਬੈਠੀ ਹੋਈ ਸੀ, ਤੇ ਉਸਦੇ ਉਪਰ ਕਿਤਾਬਾਂ ਦਾ ਸ਼ੈਲਫ ਸੀ। ਕੋਨੇ ਵਿਚ ਛੋਟੀ ਜਿਹੀ ਮੇਜ਼ ਸੀ। ਦਰਵਾਜ਼ੇ ਦੇ ਕੋਲ ਠੋਕੀਆਂ ਹੋਈਆਂ ਕਿਲੀਆਂ ਉਤੇ ਜੱਤ ਦਾ ਕੋਟ ਤੇ ਚੋਲਾ ਲਟਕ ਰਿਹਾ ਸੀ। ਮੇਜ਼ ਉਤੇ ਕੰਡਿਆਂ ਦੇ ਤਾਜ ਵਾਲੀ ਈਸਾ ਮਸੀਹ ਦੀ ਮੂਰਤੀ ਸੀ ਤੇ ਉਸਦੇ ਸਾਮ੍ਹਣੇ ਦੀਵਾ ਜਗ ਰਿਹਾ ਸੀ। ਤੇਲ, ਪਸੀਨੇ ਅਤੇ ਮਿੱਟੀ ਦੀ ਅਜੀਬ ਜਿਹੀ ਵਾਸ਼ਨਾ ਆ ਰਹੀ ਸੀ। ਉਸਨੂੰ ਇਹ ਸਭ ਕੁਝ ਚੰਗਾ ਲਗ ਰਿਹਾ ਸੀ, ਇਹ ਵਾਸ਼ਨਾ ਵੀ।

ਭਿੱਜੇ ਹੋਏ ਪੈਰ, ਖ਼ਾਸ ਕਰਕੇ ਖੱਬਾ ਪੈਰ, ਉਸਨੂੰ ਫਿਕਰਮੰਦ ਕਰ ਰਹੇ ਸਨ। ਇਸ ਲਈ ਉਹ ਜਲਦੀ ਜਲਦੀ ਜੁੱਤੀਆਂ ਲਾਹੁਣ ਲਗੀ। ਉਹ ਲਗਾਤਾਰ ਮੁਸਕਰਾਉਂਦੀ ਜਾ ਰਹੀ ਸੀ। ਉਸਨੂੰ ਇਸ ਗੱਲ ਦੀ ਏਨੀ ਖੁਸ਼ੀ ਨਹੀਂ ਸੀ ਕਿ ਆਪਣੇ ਉਦੇਸ਼ ਵਿਚ ਸਫਲ ਹੋ ਗਈ ਸੀ, ਜਿੰਨੀ ਇਸ ਗੱਲ ਦੀ ਕਿ ਇਸ ਸੋਹਣੇ, ਇਸ ਅਦਭੁੱਤ ਤੇ ਅਜੀਬ ਢੰਗ ਨਾਲ ਆਕਰਸ਼ਕ ਆਦਮੀ ਦੇ ਦਿਲ ਵਿਚ ਹਲਚਲ ਪੈਦਾ ਕਰ ਦਿਤੀ ਸੀ। "ਉਸਨੇ ਦਿਲਚਸਪੀ ਜ਼ਾਹਿਰ ਨਹੀਂ ਕੀਤੀ, ਤਾਂ ਕੀ ਹੋਇਆ, "ਉਸਨੇ ਆਪਣੇ ਆਪ ਨੂੰ ਕਿਹਾ।

28