ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਰ੍ਹਾਂ ਮੂੰਹ ਬਣਾਇਆ ਤੇ ਝਟਕੇ ਨਾਲ ਆਪਣਾ ਹੱਥ ਪਿਛੇ ਹਟਾ ਲਿਆ। "ਨਹੀਂ, ਮੈਂ ਐਸਾ ਨਹੀਂ ਕਰ ਸਕਦਾ।"

"ਰੱਬ ਦੇ ਵਾਸਤੇ! ਉਫ, ਮੇਰੇ ਕੋਲ ਆਓ! ਮੇਰੀ ਜਾਨ ਨਿਕਲ ਰਹੀ ਹੈ, ਓਹ!"

"ਤਾਂ ਕੀ ਮੇਰਾ ਪਤਨ ਹੋ ਹੀ ਜਾਏਗਾ? ਨਹੀਂ, ਐਸਾ ਨਹੀਂ ਹੋਵੇਗਾ।"

"ਮੈਂ ਹੁਣੇ ਆਉਂਦਾ ਹਾਂ ਤੁਹਾਡੇ ਕੋਲ, "ਉਸਨੇ ਕਿਹਾ ਤੇ ਆਪਣਾ ਦਰਵਾਜ਼ਾ ਖੋਲ੍ਹਕੇ ਉਸ ਵਲ ਵੇਖੇ ਬਿਨਾਂ ਹੀ ਉਸਦੇ ਕੋਲੋਂ ਦੀ ਲੰਘਿਆ ਤੇ ਡਿਉੜੀ ਦੇ ਦਰਵਾਜ਼ੇ ਵੱਲ ਚਲਾ ਗਿਆ। ਉਥੇ, ਡਿਉੜੀ ਵਿਚ ਜਿਥੇ ਉਹ ਲੱਕੜਾਂ ਪਾੜਿਆ ਕਰਦਾ ਸੀ, ਉਸਨੇ ਅਨ੍ਹੇਰੇ ਵਿਚ ਉਸ ਮੁਢ ਨੂੰ ਟਟੋਲਿਆ ਜਿਸ ਉਤੇ ਰੱਖਕੇ ਉਹ ਬਾਲਣ ਲਈ ਲਕੜੀਆਂ ਪਾੜਦਾ ਹੁੰਦਾ ਸੀ ਤੇ ਕੰਧ ਨਾਲ ਰਖੀ ਹੋਈ ਕੁਹਾੜੀ ਨੂੰ ਵੀ ਲਭ ਲਿਆ।

"ਮੈਂ ਹੁਣੇ ਆਉਂਦਾ ਹਾਂ!" ਉਸਨੇ ਦੁਹਰਾਇਆ, ਸੱਜੇ ਹੱਥ ਵਿਚ ਕੁਹਾੜੀ ਫੜੀ, ਖੱਬੇ ਹੱਥ ਦੀ ਅੰਗੂਠੇ ਦੇ ਨਾਲ ਦੀ ਉਂਗਲੀ ਮੁਢ ਉਤੇ ਰੱਖੀ ਤੇ ਕੁਹਾੜੀ ਉਪਰ ਚੁੱਕ ਕੇ ਉਂਗਲੀ ਦੀ ਦੂਸਰੀ ਗੰਢ ਦੇ ਉਤੇ ਦੇ ਮਾਰੀ। ਉਂਗਲੀ ਏਨੀ ਹੀ ਮੋਟੀ ਲਕੜੀ ਦੇ ਮੁਕਾਬਲੇ ਵਿਚ ਜ਼ਿਆਦਾ ਆਸਾਨੀ ਨਾਲ ਕੱਟੀ ਗਈ, ਉਪਰ ਉਛਲੀ, ਮੁਢ ਦੇ ਸਿਰੇ ਉਤੇ ਜ਼ਰਾ ਕੁ ਰੁਕੀ ਤੇ ਫਿਰ ਫਰਸ਼ ਉਤੇ ਜਾ ਡਿੱਗੀ।

ਉਂਗਲੀ ਦੇ ਫਰਸ਼ ਉਤੇ ਡਿੱਗਣ ਦੀ ਆਵਾਜ਼ ਉਸਨੂੰ ਦਰਦ ਮਹਿਸੂਸ ਹੋਣ ਤੋਂ ਪਹਿਲਾਂ ਸੁਣਾਈ ਦਿੱਤੀ। ਉਹ ਦਰਦ ਨਾ ਹੋਣ ਦੇ ਕਾਰਨ ਹੈਰਾਨ ਹੋ ਹੀ ਰਿਹਾ ਸੀ ਕਿ ਉਸਨੇ ਬਹੁਤ ਜ਼ੋਰ ਦੀ ਪੀੜ ਮਹਿਸੂਸ ਕੀਤੀ ਤੇ ਨਾਲ ਹੀ ਗਰਮ ਲਹੂ ਦੀ ਧਾਰ ਵਗਣੀ ਸ਼ੁਰੂ ਹੋ ਗਈ। ਉਸਨੇ ਝਟਪਟ ਚੋਲੇ ਦੀ ਕੰਨੀਂ ਜ਼ਖਮ ਉਤੇ ਲਪੇਟੀ, ਉਸਨੂੰ ਆਪਣੀ ਵੱਖੀ ਨਾਲ ਘੁੱਟ ਲਿਆ, ਦਰਵਾਜ਼ੇ ਵਲ ਮੁੜਿਆ ਤੇ ਨਜ਼ਰਾਂ ਝੁਕਾਉਂਦੇ ਹੋਏ ਉਸ ਔਰਤ ਦੇ ਸਾਮ੍ਹਣੇ ਖੜੇ ਹੋ ਕੇ ਹੌਲੀ ਜੇਹੀ ਪੁੱਛਿਆ:

"ਕੀ ਚਾਹੀਦਾ ਹੈ ਤੁਹਾਨੂੰ?"

ਉਸਨੇ ਉਸਦੇ ਪੀਲੇ ਪਏ ਚਿਹਰੇ ਤੇ ਕੰਬਦੀ ਹੋਈ ਖੱਬੀ ਗਲ੍ਹ ਵਲ ਵੇਖਿਆ ਤੇ ਅਚਾਨਕ ਉਸਨੂੰ ਸ਼ਰਮ ਮਹਿਸੂਸ ਹੋਈ। ਉਹ ਉੱਛਲ ਕੇ ਖੜੀ ਹੋ ਗਈ, ਉਸਨੇ ਆਪਣਾ ਫਰ ਕੋਟ ਚੁੱਕਿਆ, ਉਸਨੂੰ ਆਪਣੇ ਉਪਰ ਪਾ ਲਿਆ, ਉਸਨੂੰ ਆਪਣੇ ਚਾਰ ਚੁਫੇਰੇ ਲਪੇਟ ਲਿਆ।

"ਮੈਨੂੰ ਪੀੜ ਹੋ ਰਹੀ ਸੀ... ਮੈਨੂੰ ਠੰਡ ਲਗ ਗਈ ਹੈ... ਮੈਂ... ਪਾਦਰੀ ਸੇਰਗਈ ...ਮੈਂ..."

ਹਲਕੀ ਹਲਕੀ ਖੁਸ਼ੀ ਨਾਲ ਚਮਕਦੀਆਂ ਹੋਈਆਂ ਆਪਣੀਆਂ ਅੱਖਾਂ ਉਪਰ ਚੱਕ ਕੇ ਉਹ ਬੋਲਿਆ:

"ਪਿਆਰੀ ਭੈਣ, ਤੂੰ ਆਪਣੀ ਅਮਰ ਆਤਮਾ ਨੂੰ ਪਤਨ ਦੇ ਖੱਡੇ ਵਿਚ

32