ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹੁ-ਫੁਟਾਲਾ ਹੁੰਦਿਆਂ ਉਹ ਬਾਹਰ ਵਿਹੜੇ ਵਿਚ ਆਇਆ।

"ਕੀ ਸਚਮੁਚ ਇਹ ਸਭ ਕੁਝ ਹੋਇਆ ਸੀ? ਇਸਦਾ ਬਾਪ ਆਏਗਾ ਤੇ ਇਹ ਸਭ ਕੁਝ ਉਸਨੂੰ ਕਹਿ ਸੁਣਾਏਗੀ। ਇਹ ਸ਼ੈਤਾਨ ਹੈ। ਤਾਂ ਹੁਣ ਮੈਂ ਕੀ ਕਰਾਂ? ਇਹ ਹੈ ਉਹੀ ਕੁਹਾੜੀ, ਜਿਸ ਨਾਲ ਮੈਂ ਉਂਗਲੀ ਕੱਟੀ ਸੀ।" ਉਸਨੇ ਕੁਹਾੜੀ ਫੜੀ ਤੇ ਕੋਠੜੀ ਵੱਲ ਤੁਰ ਪਿਆ।

ਸਹਾਇਕ ਸੰਤ ਝੱਟਪਟ ਉਸ ਵਲ ਆਇਆ।

"ਲੱਕੜੀਆਂ ਚਾਹੀਦੀਆਂ ਹਨ ਤੁਹਾਨੂੰ? ਲਿਆਉ, ਮੈਨੂੰ ਕੁਹਾੜੀ ਦਿਓ।"

ਉਸਨੇ ਕੁਹਾੜੀ ਦੇ ਦਿਤੀ। ਉਹ ਕੋਠੜੀ ਅੰਦਰ ਗਿਆ। ਲੜਕੀ ਸੌਂ ਰਹੀ ਸੀ। ਉਹ ਉਸਨੂੰ ਵੇਖਕੇ ਕੰਬ ਉਠਿਆ। ਕੋਠੜੀ ਦੇ ਸਿਰੇ ਉਤੇ ਜਾਕੇ ਉਸਨੇ ਪੇਂਡੂਆਂ ਵਾਲੇ ਕਪੜੇ ਪਾਏ, ਕੈਂਚੀ ਲੈ ਕੇ ਵਾਲ ਕੱਟੇ ਤੇ ਪਹਾੜ ਦੇ ਕੋਲੋਂ ਦੀ ਜਾਂਦੀ ਹੋਈ ਪਗਡੰਡੀ ਉਤੇ ਨਦੀ ਵਾਲੇ ਪਾਸੇ ਚਲ ਪਿਆ, ਜਿਥੇ ਉਹ ਚਾਰ ਸਾਲਾਂ ਤੋਂ ਨਹੀਂ ਸੀ ਗਿਆ।

ਨਦੀ ਦੇ ਕਿਨਾਰੇ-ਕਿਨਾਰੇ ਇਕ ਸੜਕ ਸੀ। ਉਹ ਉਸੇ ਉਪਰ ਤੁਰ ਪਿਆ ਤੇ ਦੁਪਹਿਰ ਤੱਕ ਤੁਰਦਾ ਹੀ ਗਿਆ। ਦੁਪਹਿਰੇ ਉਹ ਰਾਈ ਦੇ ਖੇਤ ਵਿਚ ਵੜਕੇ ਲੇਟ ਗਿਆ। ਸ਼ਾਮ ਹੋਣ ਤਕ ਨਦੀ ਦੇ ਕਿਨਾਰੇ ਵੱਸੇ ਹੋਏ ਇਕ ਪਿੰਡ ਤਕ ਪਹੁੰਚ ਗਿਆ। ਉਹ ਪਿੰਡ ਵਾਲੇ ਪਾਸੇ ਨਹੀਂ ਸਗੋਂ ਖੜੀ ਚਟਾਨ ਵਾਲੇ ਪਾਸੇ ਤੁਰ ਪਿਆ।

ਸਵੇਰ-ਸਾਰ ਦਾ ਵੇਲਾ ਸੀ, ਸੂਰਜ ਚੜ੍ਹਨ ਵਿਚ ਸ਼ਾਇਦ ਅੱਧੇ ਕੁ ਘੰਟੇ ਦੀ ਦੇਰ ਸੀ। ਸਭ ਕੁਝ ਧੁੰਦਲਾ-ਧੁੰਦਲਾ, ਉਦਾਸ-ਉਦਾਸ ਸੀ ਤੇ ਪੱਛਮ ਵੱਲੋਂ ਪਹੁ-ਫੁਟਾਲੇ ਤੋਂ ਪਹਿਲਾਂ ਦੀ ਠੰਡੀ ਹਵਾ ਆ ਰਹੀ ਸੀ। "ਹਾਂ, ਹੁਣ ਕਿੱਸਾ ਖਤਮ ਕਰਨਾ ਚਾਹੀਦਾ ਹੈ। ਪ੍ਰਮਾਤਮਾ ਨਹੀਂ ਹੈ, ਪਰ ਕਿਸ ਤਰ੍ਹਾਂ ਅੰਤ ਕਰਾਂ ਆਪਣਾ? ਨਦੀ ਵਿਚ ਛਾਲ ਮਾਰ ਕੇ? ਪਰ ਮੈਂ ਤਰਨਾ ਜਾਣਦਾ ਹਾਂ, ਡੁੱਬ ਨਹੀਂ ਸਕਾਂਗਾ। ਫਾਂਸੀ ਚੜ੍ਹ ਕੇ? ਹਾਂ, ਇਹ ਰਿਹਾ ਕਮਰਕੱਸਾ।" ਉਸਨੂੰ ਇਹ ਏਨਾ ਸੰਭਵ ਤੇ ਮੌਤ ਏਨੀ ਨਜ਼ਦੀਕ ਲਗੀ ਕਿ ਉਹ ਭੈ-ਭੀਤ ਹੋ ਉਠਿਆ। ਪਹਿਲਾਂ ਦੀ ਤਰ੍ਹਾਂ ਨਿਰਾਸ਼ਾ ਦੀਆਂ ਘੜੀਆਂ ਵਿਚ ਉਸਨੇ ਪ੍ਰਾਰਥਨਾ ਕਰਨੀ ਚਾਹੀ। ਪਰ ਪ੍ਰਾਰਥਨਾ ਕਰੇ ਤਾਂ ਕਿਸ ਅੱਗੇ? ਪ੍ਰਮਾਤਮਾ ਤਾਂ ਰਿਹਾ ਨਹੀਂ। ਉਹ ਕੁਹਣੀ ਟਿਕਾ ਕੇ ਲੇਟਿਆ ਹੋਇਆ ਸੀ। ਅਚਾਨਕ ਉਸਨੂੰ ਇੰਨੇ ਜ਼ੋਰ ਦੀ ਨੀਂਦ ਮਹਿਸੂਸ ਹੋਈ ਕਿ ਉਹ ਸਿਰ ਨੂੰ ਹੱਥਾਂ ਉਤੇ ਟਿਕਾਈ ਨਾ ਰਖ ਸਕਿਆ, ਉਸਨੇ ਬਾਹਾਂ ਫੈਲਾਅ ਕੇ ਸਿਰ ਨੂੰ ਉਹਨਾਂ ਉਤੇ ਟਿਕਾ ਦਿੱਤਾ ਤੇ ਉਸੇ ਘੜੀ ਸੌਂ ਗਿਆ। ਪਰ ਪਲ ਭਰ ਹੀ ਉਸਨੂੰ ਊਂਘ ਆਈ, ਝਟਪਟ ਹੀ ਉਸਦੀ ਅੱਖ ਖੁਲ੍ਹ ਗਈ ਤੇ ਉਹ ਜਾਂ ਤਾਂ ਸੁਪਨੇ ਵਿਚ ਜਾਂ ਯਾਦਾਂ ਦੇ ਚਿਤ੍ਰਪਦ ਉਤੇ ਇਕ ਦ੍ਰਿਸ਼ ਵੇਖਣ ਲਗਾ।

ਉਸਨੇ ਲਗਭਗ ਬਾਲਕ ਦੇ ਰੂਪ ਵਿਚ ਆਪਣੇ ਆਪ ਨੂੰ ਮਾਂ ਦੇ ਪਿੰਡ ਵਾਲੇ ਘਰ ਵਿਚ ਵੇਖਿਆ। ਇਕ ਬੱਘੀ ਉਹਨਾਂ ਦੇ ਦਰਵਾਜ਼ੇ ਅੱਗੇ ਆ ਕੇ ਰੁਕੀ ਤੇ ਉਸ ਵਿਚੋਂ ਇਕ ਵੱਡੀ ਸਾਰੀ ਕਾਲੀ, ਬੇਲਚਾ ਦਾੜ੍ਹੀ ਵਾਲਾ ਚਾਚਾ ਨਿਕੋਲਾਈ ਸੇਰਗੇਈ

48