ਮੈਂ ਜਦੋਂ ਸੰਸਾਰ ਜਾਤ੍ਰਾ ਪੂਰੀ ਕਰਕੇ ਜਾਵਾਂ ਮੈਂ ਬੀ ਓਥੇ ਜਾਵਾਂ। ਇਸ ਲਈ ਮੈਂ ਆਪਣੀ ਰਾਣੀ ਅੰਮਾਂ, ਰਾਜ ਬਹਾਲੀ ਅੰਮਾਂ, ਸੁਹਣੀ ਅੰਮਾਂ ਵਰਗੇ ਸੁਹਣੇ ਅਮਲ ਕਰਾਂ। ਮਾਂ ਨੂੰ ਸੁਖ ਸਮਝ ਕੇ, ਉਚੀ ਸਮਝ ਕੇ, ਹਾਵਾ ਨਾ ਕਰੋ ਤੇ ਇਸ ਦੀ ਥਾਵੇਂ ਆਪਾ ਉਚਾ ਕਰੋ, ਨਾਮ ਵਿਚ ਲਗੇ ਰਹੋ, ਬਾਣੀ ਦਾ ਲੜ ਫੜੀ ਰਖੋ, ਨਾਮੀ ਸਤਿਸੰਗ ਮਿਲੇ ਤਾਂ ਲਾਭ ਉਠਾਓ, ਦਾਨ ਨੂੰ ਚਿਤ ਕਰੇ ਤਾਂ ਧਨ ਨੂੰ ਸਫਲ ਕਰੋ। ਐਂਉਂ ਸਹਜ ਸੁਭਾਵ ਜਿਵੇਂ ਖਿੜਿਆ ਗੁਲਾਬ ਸਹਜ ਸੁਭਾਵ ਖੁਸ਼ਬੂ ਦਾਨ ਕਰਦਾ ਹੈ, ਖੁਸ਼ਬੂ ਦਾਨ ਕਰਦਾਂ ਗੁਲਾਬ ਜਤਲਾਉਂਦਾ ਨਹੀਂ, ਕਿਸੇ ਤੇ ਅਹਸਾਨ ਨਹੀਂ ਕਰਦਾ, ਆਪ ਆਕੜਦਾ ਨਹੀਂ, ਆਪਣੇ ਹੁਸਨ ਵਿਚ, ਅਪਣੇ ਖੇੜੇ ਵਿਚ, ਆਪਣੇ ਰੰਗ ਵਿਚ ਅਪਣੀ ਕੋਮਲਤਾ ਵਿਚ ਖ਼ੁਸ਼ਬੂ ਦੇ ਰਿਹਾ ਹੈ ਤੇ ਆਪੇ ਵਿਚ ਮਗਨ ਖੜਾ ਹੈ। ਐਉਂ ਸਤਿਗੁਰੂ ਦੀ ਮੇਹਰ ਨਾਲ ਆਪਾ ਜਿਣੋ, ਆਪਾ ਸੁਆਰੋ, ਆਪਾ ਉੱਚਾ ਕਰੋ, ਆਪਾ ਸਾਈਂ ਸ਼ਰਨ ਵਿਚ ਮੇਲ ਲਓ। ਮਾਤਾ ਜੀ ਦਾ, ਸੰਤ ਮਾਤਾ ਦਾ ਸਤਸੰਗ ਮੰਡਲ ਵਾਲੀ ਮਾਤਾ ਦਾ ਵਿਯੋਗ ਐਂਉਂ ਤੁਸਾਡਾ ਅੱਗਾ ਸੁਆਰਨਹਾਰ ਹੋ ਜਾਵੇ। ਵਾਹਿਗੁਰੂ ਮੇਹਰ ਕਰੇ ਕਿ ਤੁਸੀਂ ਇਸ ਪਹਿਲੂ ਵਿਚ ਸੁਖ ਮਾਣੋ, ਫਕੀਰਾਂ ਵਲੋਂ ਇਹੋ ਅਰਦਾਸ ਹੈ:
ਤੈਨੂੰ ਰੱਬ ਨਾ ਭੁਲੇ ਦੁਆ ਫਕੀਰਾਂ ਦੀ ਏਹਾ।
ਗੁਰਾ ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥
-ਵੀਰ ਸਿੰਘ
ਪਿਆਰੇ ਜੀਓ
119