ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਇ ਹੁਣ ਕੀ ਹੋਵੇਗਾ, ਏਹ ਵਿਯੋਗ ਖਾਂਦਾ ਹੈ। ਹਾਇ ਐਸਾ ਕਿਉਂ ਹੋ ਗਿਆ। ਏਹ ਸਹਮਾ ਜੀ ਨੂੰ ਮਲੀਨ ਕਰਦਾ ਹੈ। ਅਰ ਸਾਡੇ ਅੰਦਰ ਆਤਮਾ ਚਾਨਣ ਨਹੀਂ ਵੜਨ ਦੇਂਦਾ। ਤਦੇ ਗੁਰੂ ਜੀ ਆਖਦੇ ਹਨ:———

ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ॥

ਉਤਰ ਦੇਂਦੇ ਹਨ:———

ਮੰਨ ਧੋਵਹੁ ਸਬਦਿ ਲਾਗਹੁ ਹਰ ਸਿਉ ਰਹਹੁ ਚਿਤ ਲਾਇ॥

ਸੋ ਜੀ ਮਨ ਧੋਵਉ। ਜੋ ਅੰਦਰ ਚਾਨਣਾ ਪਵੇ ਤਾਂ ਜੋ ਸਾਨੂੰ ਜਨਮ ਮਰਨ ਦਾ ਭੇਦ ਲੱਝ ਪਵੇ। ਤਦ ਫੇਰ ਸਾਨੂੰ ਜਮ ਜੋਹ ਨਾ ਸਕੇ। ਜੇ ਹਨੇਰਾ ਰਹਿਆ ਤਾਂ ਗੁਰੂ ਜੀ ਦੱਸਦੇ ਹਨ:———

ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ॥
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ॥
ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ॥
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥
ਸਤਗੁਰੂ ਕਾ ਉਪਦੇਸ਼ ਸੁਣਿ ਤੂ ਹੋਵੈ ਤੇਰੈ ਨਾਲੇ॥
ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ॥ (ਅਨੰਦ-17)

ਸੋ ਇਹ ਬਿਧ ਚਾਨਣੇ ਦੀ ਹੈ।

ਇਕ ਹੋਰ ਵੀਚਾਰ ਏਹ ਹੁੰਦੀ ਹੈ ਕਿ ਜਦ ਅਸੀਂ ਆਪਣੇ ਟੁਰ ਗਏ ਪਿਆਰੇ ਲਈ ਸ਼ੋਕ ਕਰਦੇ ਤੇ ਰੋਂਦੇ ਹਾਂ ਤਾਂ ਉਸ ਪਿਆਰੇ ਨੂੰ ਕਲੇਸ਼ ਹੁੰਦਾ ਹੈ। ਸਾਡੀ ਮੌਤ ਦੀ ਖਿੱਚ ਉਸ ਦੇ ਆਤਮਾ ਨੂੰ ਪਿਛੇ ਪਿਛੇ ਧੂੰਦੀ ਤੇ ਭਾਰਿਆਂ ਕਰਦੀ ਹੈ, ਸਾਡੇ ਸੰਕਲਪਾਂ ਦਾ ਭਾਰ ਉਸ ਦੇ ਸੁਖਮ ਸਰੀਰ ਤੇ ਪੈ ਕੇ ਉਸ ਨੂੰ ਦੁਖੀ ਕਰਦਾ ਹੈ। ਇਸ ਕਰਕੇ ਜਿਹੜਾ ਅਸੀਂ ਪਿਆਰ ਦਿਖਾ ਕੇ ਰੋਂਦੇ ਹਾਂ ਸੋ ਲੋਕਾਂ ਨੂੰ ਪਤਿਆਉਂਦੇ ਹਾਂ ਕਿਉਂਕਿ ਪਿਆਰੇ ਨਾਲ ਪਿਆਰ ਹੁੰਦਾ ਤਾਂ ਅਸੀਂ ਉਸ ਨੂੰ ਖੇਦ ਦੇਣ ਦਾ ਸਾਮਾਨ ਨ ਕਰਦੇ। ਗੁਰੂ ਜੀ ਨੇ ਆਖਿਆ ਸੀ:———

"ਮਤ ਮੈਂ ਪਿਛੇ ਕੋਈ ਹੋਈ ਰੌਵਸੀ ਸੋ ਮੈ ਮੂਲਿ ਨ ਭਾਇਆ।"

ਤਾਂ ਤੇ ਅਸੀਂ ਰੋ ਰੋ ਕੇ ਆਪਣੇ ਪਿਆਰੇ ਨੂੰ ਕਿਸ ਤਰਹ ਭਾ ਸਕਦੇ ਹਾਂ। ਸੋ ਸਾਡਾ ਸ਼ੌਕ ਪ੍ਰਾਣੀ ਲਈ ਮਾੜਾ ਹੈ। ਫਿਰ ਅਸੀਂ ਆਪਣੇ ਸੁੱਖਾਂ ਤੇ ਵਲੇਵਿਆਂ ਨੂੰ ਰੋਂਦੇ ਹਾਂ:———

"ਵਾਲੇਵੇਂ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ॥"

ਸਾਡਾ ਸ਼ੌਕ ਕਰਨਾ ਔਉਂ ਭੀ ਅਕਾਰਥ ਹੋਇਆ। ਹਾਂ, ਸਫਲ ਰੋਣਾ ਇਕ ਹੈ:———

'ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ॥"

ਹੁਣ ਪਿਆਰ ਦਾ ਰੋਣਾ ਕੀ ਹੈ? ਅਸੀਂ ਆਪਣੇ ਪ੍ਰਮੇਸ਼ਰ ਜੀ ਦੇ ਚਰਨਾਂ ਵਿਚ

76

ਪਿਆਰੇ ਜੀਓ