ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਮੀ ਪਤੀ ਨਾਲੋਂ ਵਿਛੋੜਾ ਸਦਾ ਦਾ ਨਹੀਂ ਹੈ, ਕੁਛ ਕਾਲ ਦਾ ਹੈ, ਫਿਰ ਦਾਸ ਅਮਰ ਜੀਵਨ ਵਿਚ ਕੱਠੇ ਰਹਿਣਾ ਹੈ, ਸੋ ਨਾਮ ਜਪੋ, ਲਿਵ ਲਾਓ, ਤਕੜੇ ਹੋਵੋ, ਪਤੀ ਵਰਗਾ ਜੀਵਨ ਬਨਾਓ ਤਾਂ ਜੋ ਇਹ ਚੋਲਾ ਛੋੜਕੇ ਤੁਸੀਂ ਪਤੀ ਪਾਸ ਜਾਓ। ਅਸੀਂ ਆਪਣੇ ਵਿਗੋਚਿਆਂ ਨੂੰ ਰੋਂਦੇ ਹਾਂ, ਉਂਞ ਨਾਮੀ ਪੁਰਖਾਂ ਨੂੰ ਮੌਤ ਕੋਈ ਦੁੱਖ ਨਹੀਂ ਹੈ, ਓਹ ਤਾਂ ਆਪਣੇ ਘਰ ਜਾਂਦੇ ਹਨ। ਸੋ, ਕਾਕੀ, ਸ਼ੇਰ ਹੋ ਜਾ ਤੇ ਨਾਮ ਜਪ, ਪਤੀ ਨੂੰ ਨਾਮ ਬਾਣੀ ਦੀ ਸੁਗਾਤ ਘੱਲ ਨਾਂ ਸਮਝ ਕਿ ਮੈਂ ਇਕੱਲੀ ਹਾਂ। ਨਾਮ ਜਪ, ਫਿਰ ਤੇਰੇ ਸਿਰ ਤੇ ਗੁਰੂ ਹੈ, ਸੂਰਾ ਸਤਿਗੁਰੁ, ਜੋ ਆਪਣੇ ਸਿਖਾਂ ਨੂੰ ਆਪਣੇ ਘਰ ਜੰਮੇ ਪੁੱਤਾਂ ਤੋਂ ਵਧੀਕ ਪਿਆਰ ਕਰਦਾ ਹੈ। ਮੇਰੀ ਅਰਦਾਸ ਤੇਰੇ ਨਾਲ ਹੈ, ਮੈਂ ਇਕੋ ਅਰਦਾਸ ਤੇਰੇ ਪਤੀ ਲਈ ਕਰ ਸਕਦਾ ਹਾਂ, ਮੈਂ ਸਤਿਗੁਰੁ ਮੂਹਰੇ ਬੇਨਤੀ ਕਰਦਾ ਹਾਂ ਜੋ ਤੇਰਾ ਸਹਾਈ ਹੋਵੇ ਅਰ ਤੇਰੇ ਪਤੀ ਤੇ ਮੇਰੇ ਸਜਣ ਨੂੰ ਅਰਸਾਂ ਵਿਚ ਆਪਣੇ ਚਰਨਾਂ ਵਿਚ ਰਖੇ।

ਮਾਤਾ ਜੀ ਨੂੰ ਇਹ ਪੱਤ੍ਰ ਸੁਨਾ ਕੇ ਆਖਣਾ ਕਿ ਭਜਨ ਕਰੇ ਤੇ ਜਨਮ ਸਵਾਰੇ, ਅਸੀਂ ਕੇਵਲ ਭਜਨ ਲਈ ਹੀ ਆਏ ਸਾਂ। ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ, ਵਾਹਿਗੁਰੂ ਤੁਸਾਡਾ ਬੇਲੀ ਹੋਵੇ, ਵਾਹਿਗੁਰੂ ਦਾ ਨਾਮ ਤੁਸਾਡੇ ਹਿਰਦੇ ਵਸੇ। ਵਾਹਿਗੁਰੂ ਆਪਣੇ ਪਿਆਰ ਵਿਚ, ਪਵਿਤ੍ਰਤਾ, ਪ੍ਰੇਮ, ਨੇਮ, ਸਿਮਰਨ ਭਜਨ ਵਿਚ ਆਪ ਦਾ ਜੀਵਨ ਬਿਤਾਵੇ:———

"ਙਣਿ ਘਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਚ॥"

ਅਰੋਗਤਾ ਲਈ ਜੋ ਪਾਨ ਇਥੇ ਰਖਿਆ ਸੀ ਉਸਦਾ ਅੱਜ ਭੋਗ ਪਵੇਗਾ। ਉਨ੍ਹਾਂ ਦੀ ਆਤਮਾ ਦੇ ਸੁਖ ਵਾਸਤੇ, ਫਿਰ ਹੋਰ ਪਾਠ ਰਖਿਆ ਜਾਵੇਗਾ। ਗੁਰੁ ਅੰਗ ਸੰਗ।

-ਵੀਰ ਸਿੰਘ

90

ਪਿਆਰੇ ਜੀਓ