ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪

15-4-1910

ਪਵਿੱਤ੍ਰ ਆਤਮਾ ਜੀਓ,

ਸਾਡੇ ਪਿਆਰੇ ਮਿਤ੍ਰ ਤੇ ਤੁਸਾਡੇ ਪ੍ਰਾਣ ਪਤੀ ਜੀ ਦੇ ਵਿਯੋਗ ਦੀ ਵਿਥਿਆਂ ਬੜੀ ਦਰਦਨਾਕ ਹੈ, ਪਰ ਹੈ ਇਹ ਸਾਡੇ ਮਾਲਕ, ਸਾਡੇ ਰੱਬ ਦੇ ਹੁਕਮ ਵਿਚ, ਜਿਸਦੇ ਪਾਸ ਅਸਾਂ ਸਭਨਾਂ ਨੇ ਜਾਣਾ ਹੈ ਤੇ ਜਿਥੇ ਸਾਡੇ ਸਭਨਾਂ ਦਾ ਸਦਾ ਤੇ ਸੱਚਾ ਘਰ ਹੈ। ਕੁੱਝ ਸ਼ੱਕ ਨਹੀਂ ਕਿ ਤੁਸਾਡੇ ਲਈ ਬੜੀ ਕਠਨਾਈਆਂ ਦਾ ਸਾਹਮਣਾ ਹੈ ਅਰ ਸੰਸਾਰ-ਯਾਤਰਾ ਵਿਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਹੈ, ਦਾਰੂ ਇਕੋ ਹੈ ਕਿ ਉਸ ਮਾਲਕ ਤੇ ਮੌਲਾ ਨੂੰ ਉਸ ਰੱਬ ਤੇ ਵਾਹਿਗੁਰੂ ਦੀ ਯਾਦ ਨੂੰ ਘੁੱਟ ਕੇ ਫੜੋ, ਉਸਦਾ ਨਾਮ ਜਪੋ। ਓਹ ਸਹਾਈ ਹੋਵੇ ਤੇ ਆਪਣੇ ਛਾਏ ਹੇਠ ਆਪਣੇ ਪਿਆਰ ਵਿਚ ਜੀਵਨ ਲੰਘਾਏ। ਸਿਖ ਕਦੇ ਨਹੀਂ ਮਰਦਾ। ਸਿਖ ਓਹੋ ਹੈ ਜੋ ਨਾਮ ਜਪਦਾ ਹੈ। ਸਿੱਖ 'ਜਨ' ਹੈ ਤੇ ਸਿਖ 'ਬੰਦਾ' ਹੈ, 'ਜਨ' ਤੇ 'ਬੰਦਾ', 'ਸੰਵਕ' ਤੇ 'ਸਿਖ' ਅਮਰ ਹਨ। ਸਰਦਾਰ ਜੀ ਨੂੰ ਨਾ ਸਮਝੋ ਕਿ ਮਰ ਗਿਆ ਹੈ। ਉਹ ਜੀਂਦਾ ਹੈ, ਉਹ ਨਾਮ ਵਿਚ ਜੀਂਦਾ ਹੈ, ਕੇਵਲ ਚੋਲਾ ਵਟਾ ਗਿਆ ਹੈ। ਨਾਮ ਜਪੋ, ਤਕੜੇ ਹੋਵੋ ਤੇ ਉਨ੍ਹਾਂ ਨੂੰ ਸਤਿਗੁਰਾਂ ਦੇ ਚਰਨਾਂ ਵਿਚ ਜੀਂਦਾ ਸਮਝੋ। ਆਪ ਨਾਮ ਜਪੋ ਤੇ ਲਿਵ ਵਿਚ ਆਓ, ਜੋ ਚੋਲਾ ਛੋੜਕੇ ਤੁਸੀਂ ਵੀ ਓਥੋ ਅੱਪੜੋ। ਸੰਸਾਰ ਦਿਨਾਂ ਦੀ ਖੇਡ ਹੈ, ਏਹ ਲੰਘ ਜਾਣੇ ਹਨ। ਇਨ੍ਹਾਂ ਨੂੰ ਸਫਲ ਲੰਘਾਓ। ਮਾਲਕ ਦੇ ਹੁਕਮ ਵਿਚ ਮਨ ਨੂੰ ਮਿਲਾਉਣ ਦਾ ਉਪਰਾਲਾ ਕਰੋ। ਬੜਾ ਕਠਨ ਹੈ, ਭਾਣਾ ਖਰਾ ਕਠਨ ਹੈ, ਅਰ ਅਸੀਂ ਨੌਕਰ ਹਾਂ। ਰੱਬ ਮਾਲਕ ਹੈ, ਨੌਕਰਾਂ ਦਾ ਕੰਮ ਹੁਕਮ ਰਜ਼ਾ ਨਾਲੋਂ ਮਰਜ਼ੀ ਮੇਲਣਾ ਹੈ। ਓਹ ਮਾਤਾ ਹੈ। ਅਸੀਂ ਉਸਦੀ ਅਉਲਾਦ ਹਾਂ, ਅਉਲਾਦ ਦਾ ਕੰਮ ਹੈ ਮਾਂ ਦੀ ਚਪੇੜ ਨੂੰ ਪਿਆਰ ਭਰੀ ਲਾਡੀ ਸਮਝਣਾ। ਕਾਕੀ ਜੀਓ, ਸਿੱਖੀ ਇਹੋ ਹੈ। ਇਹ ਖੰਡੇ ਧਾਰ ਇਸੇ ਕਰਕੇ ਹੈ ਕਿ ਵਿਯੋਗ ਤੇ ਅਸਹਿ ਦੁਖਾਂ ਵਿਚ ਸਤਿਗੁਰਾਂ ਦੇ ਭਾਣੇ ਵਿਚ ਖੁਸ਼ੀ ਹੋਣਾ, ਸਿਰ ਧਰ ਹੁਕਮ ਮੰਨਣਾ ਤੇ ਨਾਮ ਵਧੀਕ ਜਪਣਾ। ਅਸਲ ਵਿਚ ਦੁਕ੍ਰਿਤ ਸੁਕ੍ਰਿਤ ਸਾਡੇ ਕਰਮਾਂ ਦੇ ਫਲ਼ ਹਨ, ਪਰ ਓਹ ਦਾਤ ਜੇ ਅਸੀਂ ਸਿਮਰਨ ਕਰੀਏ ਤਾਂ ਸਾਨੂੰ ਮਿਹਰਾਂ ਨਾਲ ਢੱਕਦਾ ਹੈ, ਦੁਖਾਂ ਦੇ ਸੰਤਾਪ ਨੂੰ ਮੇਟ ਦਿੰਦਾ ਹੈ। ਜੇ ਟੁੱਟਕੇ ਨਾਮ ਜਪੋਗੇ, ਸੰਤਾਪ ਮਿਟੇਗਾ। ਬਾਕੀ ਜੀਵ ਨਰੋਲ ਰਬ ਅਰਪਨ ਕਰੋ, ਤੁਸੀਂ ਅਗੇ ਹੀ ਗੁਰਮੁਖ ਹੋ। ਗੁਰੂ ਦੀ ਰਜ਼ਾ ਸਿਰ ਧਰ ਮੰਨੋ ਤੇ ਗੁਰੂ ਨੂੰ ਵਧੀਕ ਚੰਬੜੋ। ਮਾਂ ਚੁਪੇੜ ਮਾਰੇ ਤਾਂ ਬੱਚਾ ਮਾਂ ਦੇ ਵਧੀਕੇ ਗਲ ਲਗਦਾ ਹੈ, ਸੋ ਸ਼ੇਰ ਹੋ ਕੇ ਨਾਮ ਜਪੋ।

ਪਿਆਰੇ ਜੀਓ

89