ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ੳ) ਇਸ ਜਨਮ ਸਾਖੀ ਦੀ ਵਿਥਯਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਵਿਥਯਾ ਨੂੰ 'ਜਨਮ ਸਾਖੀ' ਆਖਦੇ ਹਨ। ਕਦੋਂ ਪਹਿਲੀ ਜਨਮ ਸਾਖੀ ਲਿਖੀ ਗਈ, ਇਸ ਦਾ ਅਜੇ ਤੱਕ ਠੀਕ ਪਤਾ ਨਹੀਂ ਲੱਗਾ। ਬਾਲੇ ਵਾਲੀ ਜਨਮ ਸਾਖੀ ਵਿਚ ਉਸ ਦਾ ਲਿਖਿਆ ਜਾਣਾ ਚੀਨ ਦੱਸਿਆ ਹੈ, ਪਰ ਉਸ ਦਾ ਮੁਤਾਲਯਾ ਦੱਸਦਾ ਹੈ ਕਿ ਉਹ ਐਤਨੀ ਪੁਰਾਣੀ ਨਹੀਂ ਹੈ, ਉਹ ਤਾਂ ਦਸਮੇਂ ਸਤਿਗੁਰਾਂ ਦੇ ਸਮੇਂ ਅਖੀਰ ਯਾ ਰਤਾ ਮਗਰੋਂ ਦੀ ਜਾਪਦੀ ਹੈ। ਭਾਈ ਮਨੀ ਸਿੰਘ ਜੀ ਦੀ ਸਾਖੀ, ਜੇ ਬੜੀ ਪੁਰਾਣੀ ਸਮਝੀ ਜਾਵੇ ਤਾਂ ਬੀ, ਦਸਮੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਪੁਰਾਣੀ ਨਹੀਂ ਹੋ ਸਕਦੀ।

ਇਹ ਜਨਮ ਸਾਖੀ, ਜੋ ਆਪ ਦੇ ਹੱਥ ਵਿਚ ਹੈ, ਆਪਣੀ ਅੰਦਰਲੀ ਉਗਾਹੀ ਤੋਂ ਛੇਵੇਂ ਸਤਿਗੁਰਾਂ ਦੇ ਵੇਲੇ ਦੀ ਲਗ-ਪਗ ਦੀ ਸਿਆਣਿਆਂ ਨੇ ਸਹੀ ਕੀਤੀ ਹੈ (ਦੇਖੋ ਅੰਤ ਵਿਚ ਅੰਕਤਾ ਪਹਿਲੀ ਦੀ ਦੂਜੀ ਟੂਕ)। ਪਰ ਅੱਗੇ ਚੱਲ ਕੇ ਅਸੀਂ ਦੱਸਾਂਗੇ ਕਿ ਇਸ ਸਾਖੀ ਵਿਚ ਬੀ ਦਸਵੇਂ ਪਾਤਸ਼ਾਹ ਦੇ ਸਮੇਂ ਜਾ ਪੈਣ ਦਾ ਇਕ ਇਸ਼ਾਰਾ ਮੌਜੂਦ ਹੈ। ਜੇ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਸਾਖੀਆਂ ਲਿਖੀਆਂ ਗਈਆਂ ਹਨ, ਤਦ ਉਹਨਾਂ ਦਾ ਅਜੇ ਤਕ ਪਤਾ ਨਹੀਂ ਚਲਦਾ। ਇਹ ਪੁਰਾਤਨ ਰਵਾਯਤ ਹੈ ਅਰ ਕੰਮ ਵਿਚ ਪਰਵਿਰਤ ਹੈ ਕਿ ਅਸਲ ਜਨਮ ਸਾਖੀ ਨੂੰ ਹਿੰਦਾਲੀਆਂ ਨੇ ਵਿਗਾੜ ਕੇ ਸਾਖੀ ਲਿਖੀ ਤੇ ਉਸ ਦਾ ਨਾਉਂ ਬਾਲੇ ਵਾਲੀ ਸਾਖੀ ਹੀ ਪਰਵਿਰਤ ਕੀਤਾ। ਉਸ ਸਾਖੀ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਲਿਖਣ ਵਾਲੇ ਪਾਸ ਇਹ ਜਨਮ ਸਾਖੀ, ਜਿਸ ਦੀ ਵਿਥਯਾ ਅਸੀਂ ਲਿਖ ਰਹੇ ਹਾਂ, ਮੌਜੂਦ ਸੀ, ਕਿਉਂਕਿ ਮੌਜੂਦਾ ਬਾਲੇ ਵਾਲੀ ਜਨਮ ਸਾਖੀ ਵਿਚ ਇਸ ਸਾਖੀ ਦੇ ਫਿਕਰੇ ਅਤੇ ਸਤਰਾਂ ਮਿਲਦੀਆਂ ਹਨ ਅਰ ਉਤ੍ਰਾ ਖੰਡ ਦੀ ਤੀਸਰੀ ਉਦਾਸੀ ਤਾਂ ਹੂਬਹੂ ਇਸੇ ਦੀ ਨਕਲ ਕਰਕੇ ਲਿਖੀ ਹੈ, ਸੋ ਹੋ ਸਕਦਾ ਹੈ ਕਿ ਅਸਲ ਜਨਮ ਸਾਖੀ ਇਹੋ ਹੋਵੇ, ਜਿਸ ਤੋਂ ਮੌਜੂਦਾ ਬਾਲੇ ਵਾਲੀ ਤੇ ਹੋਰ ਨਕਲਾਂ ਹੋਈਆਂ, ਪਰ ਮੁਮਕਿਨ ਹੈ ਕਿ ਇਸ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਬੀ ਹੋਵੇ ਜੇ ਇਸ ਦਾ ਬੀ ਮੂਲ ਹੋਵੇ, ਇਹ ਗੱਲ ਅਜੇ ਖੋਜ ਦੀ ਮੁਥਾਜ ਹੈ। ਬਾਲੇ ਵਾਲੀ ਜੋ ਪ੍ਰਸਿੱਧ ਹੈ ਸੋ ਇਸੇ ਨੂੰ ਵਿਗਾੜ ਕੇ, ਯਾ ਜੇ ਕੋਈ ਹੋਰ ਬੀ ਸੀ-ਜੋ ਮਿਲਦੀ ਨਹੀਂ, ਤਾਂ ਦੋਹਾਂ ਨੂੰ, ਵਿਗਾੜ ਕੇ ਹਿੰਦਾਲੀਆਂ ਨੇ ਆਪਣਾ ਮਤਲਬ ਸਾਧਣ ਲਈ, ਹਿੰਦਾਲ


ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (5)