ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮਕਲੀ ਮਹਲਾ ੧ ਦਖਣੀ ਓਅੰਕਾਰੁ॥

ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥
ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥
ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥
ਓਨਮ ਅਖਰ ਸੁਣਹੁ ਬੀਚਾਰੁ॥ਓਨਮ ਅਖਰੁ ਤ੍ਰਿਭਵਣ ਸਾਰੁ॥੧॥
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥੧॥ ਰਹਾਉ॥
(ਪੰਨਾ ੯੨੯-੩੦)

ਤਬਿ ਪਉੜੀਆਂ ਚਉਰੰਜਹ ੫੪ ਓਅੰਕਾਰੁ ਹੋਇਆ। ਤਬਿ ਪੰਡਿਤੁ ਆਇ ਪੈਰੀ ਪਇਆ, ਨਾਉ ਧਰੀਕ ਹੋਆ, ਗੁਰੂ ਗੁਰੂ ਲਗਾ ਜਪਣਿ। ਤਬ ਬਾਬਾ ਜੀ ਉਥਹੁ ਰਵਦੇ ਰਹੇ।

18. ਨਾਨਕ ਮਤੇ ਸਿੱਧਾਂ ਨਾਲ ਗੋਸ਼ਟ

ਤਬ[1] ਨਾਨਕ ਮਤੇ ਆਇ ਨਿਕਲੇ। ਤਬ ਇਕਸੁ ਬੜੁ ਕੇ ਤਲੇ ਜਾਇ ਬੈਠੇ[2],ਉਹੁ ਬੜੁ ਸੁਕਾ ਖੜਾ ਥਾ ਕਈ ਬਰਸਾਂ ਕਾ ਓਥੇ ਧੂੰਈ ਪਾਈ, ਤਬ ਓਹੁ ਹਰਿਆ ਹੋਆ, ਸਿਧਾਂ ਡਿਠਾ, ਆਇ ਬੈਠੇ। ਤਬਿ ਸਿੱਧਾਂ ਪੁਛਿਆ: 'ਹੇ ਬਾਲਕੇ! ਤੂ ਕਿਸਕਾ ਸਿਖ ਹੈਂ? ਦੀਖਿਆ ਤੈਂ ਕਿਸਤੇ ਲਈ ਹੈ?' ਤਬਿ ਗੁਰੂ ਬਾਬੇ ਸਬਦੁ ਉਠਾਇਆ ਰਾਗੁ ਸੂਹੀ ਵਿਚਿ:–

ਸੂਹੀ ਮਹਲਾ ੧ ਘਰੁ ੭॥

ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ॥ ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ॥੧॥ ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ॥ ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ॥੧॥ ਰਹਾਉ॥ ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਣੁ ਕਮਾਵਾ॥ ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ॥੨॥ ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ॥੩॥ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ॥ ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ॥

੪॥੨॥੯॥ (ਪੰਨਾ ੭੩੦-੩੧)


  1. 'ਤਬਿ' ਹਾ: ਬਾ: ਨੁਸਖ਼ੇ ਵਿਚੋਂ ਹੈ।
  2. ਇਹ ਵਾਕ ਹਾ: ਬਾ: ਨੁਸਖ਼ੇ ਦਾ ਹੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ