ਪੰਨਾ:ਪੈਂਤੀ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਿਕਾ

ਅਕਬਰ ਅਲਾਹਾਬਾਦੀ ਦਾ ਸ਼ਿਅਰ ਹੈ:

ਰਕੀਬੋਂ ਨੇ ਰਪਟ ਜਾ ਕਰ ਲਿਖਾਈ ਹੈ ਯਿਹ ਥਾਨੇ ਮੇਂ,
ਕਿ ਅਕਬਰ ਨਾਮ ਅੱਲ੍ਹਾ ਕਾ ਹੈ ਲੇਤਾ ਇਸ ਜ਼ਮਾਨੇ ਮੇਂ।

ਅਮਰਜੀਤ ਚੰਦਨ ਉਹਨਾਂ ਵਿਰਲੇ ਕਵੀਆਂ ਵਿੱਚੋਂ ਹੈ, ਜੋ ਅੱਜ ਵੀ ਕਰਤਾਰ ਦੀ ਸਿਫ਼ਤ ਦਾ ਕਾਵਿ ਸਿਰਜਦੇ ਹਨ। ਉਹਨਾਂ ਬਾਰੇ ਜ਼ਰੂਰ ਇਹ ਕਿਹਾ ਜਾ ਸਕਦਾ ਹੈ, "ਕੋਈ ਹਰਿਆ ਬੂਟ ਰਹਿਓ ਹੀ।" ਜੇਕਰ ਪੰਜਾਬ ਦੇ ਲੋਕਾਂ ਪਾਸ ਕੋਈ ਇਕ ਵੀ ਐਸਾ ਸ਼ਾਹਕਾਰ ਹੈ, ਜੋ ਵਿਸ਼ਵ ਸਾਹਿਤ ਵਿਚ ਸਰਬੋਤਮ ਸਥਾਨ ਪ੍ਰਾਪਤ ਕਰਨ ਦਾ ਹੱਕਦਾਰ ਹੈ, ਤਾਂ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ। ਇਸ ਤੋਂ ਵੱਡਾ ਪ੍ਰੇਣਾ ਸ੍ਰੋਤ ਸਾਡੇ ਪਾਸ ਕੋਈ ਨਹੀਂ।

ਪਰ, ਜਿਨ੍ਹਾਂ ਲੋਕਾਂ ਧਰਮ ਤੋਂ ਬੇਮੁਖ ਹੋਣਾ ਅਪਣਾ ਧਰਮ ਮਿਥ ਲਿਆ ਹੈ, ਉਹ ਇਸ ਅਦੁੱਤੀ ਸ੍ਰੋਤ ਤੋਂ ਕੇਵਲ ਆਪ ਹੀ ਦੂਰ ਨਹੀਂ ਹੋਏ, ਹੋਰਨਾਂ ਨੂੰ ਵੀ ਦੂਰ ਕਰਨ ਦਾ ਸਿਰਤੋੜ ਜਤਨ ਕਰਦੇ ਆਏ ਹਨ। ਮੇਰਾ ਸਪਸ਼ਟ ਸੰਕੇਤ ਕਮਿਊਨਿਸਟ ਵਿਚਾਰਧਾਰਾ ਦੇ ਅਨੁਯਾਈਆਂ ਵੱਲ ਹੈ, ਜੋ ਗਿਣੀ-ਮਿਥੀ ਸਾਜ਼ਿਸ਼ ਰਚ ਕੇ ਬਾਣੀ ਨੂੰ ਕਾਵਿ ਮੰਨਣ ਤੋਂ ਇਨਕਾਰੀ ਹੀ ਨਾ ਹੋ ਗਏ, ਸਗੋਂ ਉਸ ਨੂੰ ਸਾਹਿੱਤ ਦੀਆਂ ਅਧਿਐਨ ਪੁਸਤਕਾਂ ਵਿੱਚੋਂ ਖ਼ਾਰਿਜ ਕਰਨ ਦਾ ਜਮ ਕੇ ਜਤਨ ਵੀ ਕੀਤਾ। ਨਾਲ ਹੀ ਉਹਨਾਂ ਕਵੀਆਂ ਨੂੰ ਵੀ ਜੋ ਗੁਰਬਾਣੀ ਤੋਂ ਪ੍ਰੇਰਿਤ ਹੋ ਕੇ ਕਾਵਿ ਸਿਰਜਦੇ ਹਨ, ਸਾਹਿਤ ਅਧਿਐਨ ਤੋਂ ਬਾਹਰ ਰੱਖਣ ਲਈ ਵੀ ਜਤਨਸ਼ੀਲ ਰਹੇ। ਕੇਵਲ "ਪ੍ਰਗਤੀਵਾਦੀ ਸਾਹਿੱਤ" ਹੀ ਉਹਨਾਂ ਦੀ ਦ੍ਰਿਸ਼ਟੀ ਵਿਚ ਪ੍ਰਵਾਣ ਸਾਹਿੱਤ ਸੀ। ਕਦੇ ਕਮਿਊਨਿਸਟ ਵਿਚਾਰਧਾਰਾ ਦਾ ਬੜਾ ਬੋਲ-ਬਾਲਾ ਸੀ। ਪੰਜਾਬੀ ਦੇ ਕਈ ਚੰਗੇ-ਚੰਗੇ ਕਵੀ ਤੇ ਲੇਖਕ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਤੇ ਅਪਣੀ ਮੌਲਿਕਤਾ ਗੁਆ ਕੇ "ਪ੍ਰਗਤੀਵਾਦੀ" ਹੋ ਗਏ। ਕੁਝ ਲੇਖਕਾਂ ਨੂੰ ਸ਼ੁਰੂ ਤੋਂ ਹੀ ਸਮਝ ਆ ਗਈ ਕਿ "ਪ੍ਰਗਤੀਵਾਦ" ਵਿਚ ਪ੍ਰਤੀ ਘੱਟ ਤੇ ਵਾਦ ਵਧੇਰੇ ਹੈ, ਪਰ ਕੁਝ ਕੁ ਸਾਹਿਤਕਾਰ ਕਾਫ਼ੀ ਚਿਰ ਖੱਬੇ-ਪੱਖੀ ਰਚਨਾ ਕਰਨ ਮਗਰੋਂ ਉਸ ਤੋਂ ਉਪਰਾਮ ਹੋ ਗਏ। ਅਮਰਜੀਤ ਚੰਦਨ ਉਹਨਾਂ ਵਿੱਚੋਂ ਮੁਹਰੀ ਕਵੀ ਹੈ।