ਪੰਨਾ:ਪੈਂਤੀ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਥਲੀ ਪੁਸਤਕ ਵਿਚ ਉਸ ਨੇ ਅਪਣੀਆਂ ਪੈਂਤੀ ਐਸੀਆਂ ਕਵਿਤਾਵਾਂ ਨੂੰ ਸੰਕਲਿਤ ਕੀਤਾ ਹੈ, ਜੋ ਅਧਿਆਤਮਕ ਰਸ ਨਾਲ ਲਬਰੇਜ਼ ਹਨ। ਇਸ ਸੰਗ੍ਰਹਿ ਦਾ ਆਰੰਭ ਉਹ ਇਹਨਾਂ ਸਤਰਾਂ ਨਾਲ ਕਰਦਾ ਹੈ:

ਸੂਰਜ ਦਾ ਦੀਵਾ ਬਲੇ, ਹੱਥ ਵਿਚ ਗਗਨ ਦਾ ਥਾਲ
ਨਾਨਕ ਸ਼ਾਇਰ ਏਵ ਕਰਤ ਹੈ ਆਰਤੀ ਸ੍ਰੀ ਅਕਾਲ

ਇਹਨਾਂ ਸਤਰਾਂ ਵਿਚ ਗੁਰੂ ਨਾਨਕ ਸਾਹਿਬ ਦੀ ਹੇਠ ਲਿਖੀ ਪੰਗਤੀ ਦਾ ਪ੍ਰਤਿਬਿੰਬ ਸਪਸ਼ਟ ਜਾਪਦਾ ਹੈ:

ਨਾਨਕੁ ਸਾਇਰ ਏਵ ਕਹਤੁ ਹੈ ਸਚੇ ਪਰਵਦਗਾਰ
(ਧਨਾਸਰੀ ਮ ੧, ਪੰਨਾ ੬੬੦)

ਗੁਰੂ ਨਾਨਕ ਨੇ ਹੀ ਆਪ ਨੂੰ ਸ਼ਾਇਰ ਨਹੀਂ ਕਿਹਾ, ਅਮਰਜੀਤ ਵੀ ਉਹਨਾਂ ਨੂੰ ਸ਼ਾਇਰ ਕਰਕੇ ਹੀ ਪਛਾਣਦਾ ਤੇ ਮੰਨਦਾ ਹੈ। ਦੂਜੀ ਗੱਲ ਜੋ ਇਸ ਵਿੱਚੋਂ ਸੁੱਝਦੀ ਹੈ, ਉਹ ਹੈ ਗੁਰੂ ਜੀ ਦੀ ਆਰਤੀ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ
(ਸੋਹਿਲਾ, ਮ ੧, ਪੰਨਾ ੧੩)

ਜੇ ਕਹੀਏ ਕਿ ਏਹਾ ਇਸ ਪੁਸਤਿਕਾ ਦੀ ਰੂਹ ਹੈ, ਤਾਂ ਗ਼ਲਤ ਨਹੀਂ ਹੋਵੇਗਾ। ਤਦੇ ਤਾਂ ਜਦ ਉਹ ਆਪ ਆਰਤੀ ਲਿਖਦਾ ਹੈ, ਤਾਂ ਕਹਿੰਦਾ ਹੈ:

ਆਰਤੀ ਉਤਾਰੋ ਸੁਰ ਨਾਦਬਿੰਦ ਦੀ
ਗਾ ਕੇ ਉਚਾਰੋ ਕੁਨ ਕੁਨ ਕੁਨ
ਸਾਹਮਣੇ ਨਿਹਾਰੋ ਹੁਣ ਹੁਣ ਹੁਣ

ਤੇ ਫਿਰ ਇਸ ਆਰਤੀ ਦਾ ਅੰਤ ਇਉਂ ਕਰਦਾ ਹੈ:

ਨਾਨਕ ਲਿਖਾਰੀ ਦੀ ਉਤਾਰੋ ਆਰਤੀ

ਇਸੇ ਮਨੋਬਿਰਤੀ ਨਾਲ ਉਹ ਨਾਨਕ ਸਾਹਿਬ ਬਾਰੇ ਲਿਖਦਿਆਂ ਕਹਿੰਦਾ ਹੈ:

ਜੋੜੀ ਖ਼ੂਬ ਸੁਹਾਵੈ ਬਾਬਾ ਤੇ ਮਰਦਾਨਾ
ਏਕ ਰਬਾਬ ਬਜਾਵੈ ਦੂਜਾ ਅਨਹਦ ਬਾਜਾ