ਪੰਨਾ:ਪੈਂਤੀ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸੇ ਬਿਰਤੀ ਨੂੰ ਕਾਇਮ ਰਖਦਿਆਂ ਉਹ ਰੋਮ ਵਿਚ ਕੀਟਸ ਦੀ ਕਬਰ ਵੇਖ ਕੇ ਕਹਿੰਦਾ ਹੈ:

ਓਨਾ ਚਿਕਰ ਪਾਣੀ ਉੱਤੇ, ਕਾਗ਼ਜ਼ ਉੱਤੇ
ਲਿਖਿਆ ਰਹਿਣਾ ਉਸ ਦਾ ਨਾਮ
ਪੜ੍ਹਨ ਪਰਿੰਦੇ
ਬੱਦਲਾਂ ਦੀ ਉੜਦੀ ਧਰਤੀ ਉੱਤੇ ਛਾਂ
ਉਸ ਤੋਂ ਗੂਹੜਾ
ਮਿੱਟੀ ਉੱਤੇ ਪਾਣੀ ਉੱਤੋ ਪਿੰਡੇ ਉੱਤੇ
ਉਂਗਲ ਲਿਖਦੀ ਯਾਰ ਸੱਜਣ ਦਾ ਨਾਂ

ਸਭ ਤੋਂ ਪਹਿਲਾਂ ਉਹ ਅਪਣੀ ਆਸਤਿਕਤਾ ਨੂੰ ਨਿਰੂਪਣ ਦੇ ਜਤਨਾਂ ਵਿਚ ਕਿਸੇ ਪ੍ਰਕਾਰ ਦਾ ਸੰਕੋਚ ਜਾਂ ਲੁਕਾ ਨਹੀਂ ਕਰਦਾ। ਉਹ ਰੱਬ ਨੂੰ ਕਈ ਨਾਵਾਂ ਨਾਲ ਯਾਦ ਕਰਦਾ ਹੈ- ਕੇਵਲ ਏਕਮਕਾਰ ਨਾਲ ਹੀ ਨਹੀਂ। ਕਿਤੇ ਉਸ ਨੂੰ "ਅੱਲ੍ਹਾ ਮੀਆਂ" ਆਖਦਾ ਹੈ, ਤਾਂ ਕਿਤੇ "ਯਹੋਵਾਹ", ਪਰ ਹਰ ਹਾਲ ਉਸ ਦੇ ਲਈ:

ਸਦਾ ਸਲਾਮਤ ਰੂਪ ਸਿਰਜਦੇ ਹੱਥ
ਸਦਾ ਸਲਾਮਤ ਅਣਕਥਿਆ ਜੋ ਕੱਥ

ਇਸ "ਸਦਾ ਸਲਾਮਤ ਗੁਣਾਂ" ਦੀ ਸੰਥਿਆ ਦਿੰਦੀ ਪੋਥੀ ਵੀ ਉਸ ਨੂੰ ਪਿਆਰੀ ਲਗਦੀ ਹੈ, ਕਿਉਂਕਿ:

ਪੋਥੀ ਰੱਬ ਦੀ ਦੇਹੀ
ਧੰਨੁ ਸੁ ਅੱਖਰ ਸ਼ਬਦੁ ਧੰਨੁ
ਧੰਨੁ ਕਾਤਬ ਧੰਨੁ ਲਿਖਾਰੀ
ਜਿਸ ਲਿਖੇ ਹੋਏ ਨੂੰ ਲਿਖਿਆ

ਲਿਖੇ ਹੋਏ ਨੂੰ ਲਿਖਣ ਵਾਸਤੇ ਵੀ "ਕਲਮ" ਦਾ ਪ੍ਰਸਾਦ ਦਰਕਾਰ ਹੋਂਦਾ ਹੈ। ਸੋ ਕਵੀ ਇਹਨਾਂ ਸ਼ਬਦਾਂ ਰਾਹੀਂ ਇਸ ਪ੍ਰਸਾਦ ਲਈ ਨਤਮਸਤਕ ਹੋਂਦਾ ਹੈ:

ਹੱਥ ਬੰਨ੍ਹ ਕੇ ਮੈਂ ਖੜ੍ਹਾ ਮਨ ਵਿਚ ਲੈ ਫ਼ਰਿਆਦ
ਕਦ ਮੈਨੂੰ ਵੀ ਮਿਲੇਗਾ ਕਲਮ ਦਾ ਪ੍ਰਸਾਦ