ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਖ ਬੰਧ

ਕੌਮਾਂ ਤੇ ਦੇਸਾਂ ਦਾ ਵੱਡਾ ਤੇ ਅਮਿੱਟ ਸਰਮਾਇਆ ਉਨ੍ਹਾਂ ਦਾ ਸਾਹਿਤ ਹੁੰਦਾ ਹੈ ਅਤੇ ਸਾਹਿਤ ਦਾ ਸੋਮਾ ਤੇ ਆਧਾਰ ਭਾਸ਼ਾ ਹੁੰਦੀ ਹੈ। ਭਾਸ਼ਾ ਦੀ ਸੁਰੱਖਿਆ ਉਸਦੇ ਸ਼ਬਦ-ਅੰਕਣ ਵਿਚ ਹੈ। ਸ਼ਬਦਾਂ ਦਾ ਇਕੱਤਰ ਜਾਂ ਸੰਗ੍ਰਹਿ ਕਰਨਾ ਭਾਸ਼ਾ-ਵਿਕਾਸ ਦਾ ਮੂਲ ਕਾਰਜ ਹੈ। ਸ਼ਬਦ-ਕੋਸ਼ ਇਸ ਕਾਰਜ ਦਾ ਸਫਲ ਪਰੀਣਾਮ ਹੁੰਦੇ ਹਨ।

ਅਮੀਰ ਬੋਲੀ ਆਪਣੇ ਬੋਲੇ ਜਾਣ ਵਾਲੇ ਖੇਤਰ ਵਿਚ ਪਹਿਲਾਂ ਕਿਸੇ ਖ਼ਾਸ ਇਲਾਕੇ ਜਾਂ ਪ੍ਰਾਂਤ ਦੀ ਹੱਦ ਤਕ ਸੀਮਤ ਹੁੰਦੀ ਹੈ, ਪਰ ਆਪਣੇ ਪ੍ਰਭਾਵ, ਵਿਸ਼ੇਸ਼ ਗੁਣਾਂ, ਸੁਖੈਨ ਤੇ ਟਕਸਾਲੀ ਉਚਾਰਣ ਕਾਰਨ ਆਪਣੇ ਚਾਰੇ ਪਾਸੇ ਲਗਦੇ ਹੱਦ-ਬੰਨਿਆਂ ਪੁਰ ਵੀ ਛਾ ਜਾਂਦੀ ਹੈ ਤੇ ਆਪਣਾ ਪੁਰਾਣਾ ਜਾਂ ਨਿੱਜੀ ਇਲਾਕਾਈ ਰੂਪ ਤਜ ਦੇਂਦੀ ਹੈ। ਫ਼ਾਰਸੀ ਕਿਸੇ ਵੇਲੇ ਈਰਾਨ ਦੇ ਕੇਵਲ ਫ਼ਾਰਸ ਪ੍ਰਾਂਤ ਦੀ ਬੋਲੀ ਸੀ, ਦੂਜੇ ਪ੍ਰਾਂਤਾਂ ਦੀਆਂ ਬੋਲੀਆਂ ਉਸ ਦੀਆਂ ਉਪ-ਬੋਲੀਆਂ ਸਨ। ਪਰ ਉਹ ਆਪਣੀ ਸ਼ਕਤੀ ਤੇ ਸ਼ਰੀਨੀ ਕਾਰਨ ਸਾਰੇ ਈਰਾਨ ਪੁਰ ਛਾ ਗਈ ਤੇ ਅਜ ਫ਼ਾਰਸੀ ਈਰਾਨ ਦੀ ਰਾਜਸੀ ਬੋਲੀ ਹੈ। ਇਸੇ ਤਰ੍ਹਾਂ ਭਾਰਤ ਵਿਚ ਵਖ ਵਖ ਇਲਾਕਿਆਂ ਜਾਂ ਪ੍ਰਾਂਤਾਂ ਦੀਆਂ ਬੋਲੀਆਂ ਪ੍ਰਾਕ੍ਰਿਤਾਂ ਦੇ ਰੂਪ ਵਿਚ ਭਾਰਤ ਦੇ ਵੱਡੇ ਵੱਡੇ ਭਾਗਾਂ ਪੁਰ ਰਾਜ ਕਰਦੀਆਂ ਰਹੀਆਂ। ਅਜ ਦੀ ਬੋਲੀ ਭੂਤ-ਕਾਲ ਦੀ ਉਪ-ਬੋਲੀ ਸੀ, ਜਾਂ ਇਉਂ ਕਹੋ ਕਿ ਉਪ-ਬੋਲੀ ਹੀ ਅਸਲ ਟਕਸਾਲੀ ਤੇ ਪਰਮਾਣੀਕ ਬੋਲੀ ਨੂੰ ਜਨਮ ਦੇਂਦੀ ਹੈ। ਬੋਲੀ ਤੇ ਉਪ-ਬੋਲੀ ਦਾ ਅਟੁੱਟ ਤੇ ਗਹਿਰਾ ਸਬੰਧ ਹੈ। ਜਿੰਨੀਆਂ ਕਿਸੇ ਬੋਲੀ ਦੀਆਂ ਵਧੇਰੀਆਂ ਉਪ-ਬੋਲੀਆਂ ਹੋਣਗੀਆਂ, ਉੱਨੀ ਹੀ ਉਹ ਅਮੀਰ, ਵਿਸ਼ਾਲ ਤੇ ਪ੍ਰਭਾਵਸ਼ਾਲੀ ਮੰਨੀ ਜਾਵੇਗੀ। ਪੰਜਾਬੀ ਸ਼ਾਇਦ ਇਸ ਪੱਖ ਤੋਂ ਵਡੀਆਂ ਅਮੀਰ ਬੋਲੀਆਂ ਵਿੱਚੋਂ ਹੈ, ਇਸ ਦੀਆਂ ਅੱਠ ਉਪ-ਬੋਲੀਆਂ ਮੰਨੀਆਂ ਗਈਆਂ ਹਨ ।

ਪੰਜਾਬੀ ਵਿਭਾਗ ਦੀ ਮੂਲ ਵਿਉਂਤ ਅਨੁਸਾਰ ਜਿੱਥੇ ਪੰਜਾਬੀ ਦਾ ਇਕ ਸਵਿਸਥਾਰ ਕੋਸ਼ ਤਿਆਰ ਕੀਤਾ ਜਾਣਾ ਨਿਸਚਿਤ ਹੈ ਉਥੇ ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੀਆਂ ਸ਼ਬਦਾਵਲੀਆਂ ਦਾ ਸੰਗ੍ਰਹਿ ਕਰਨਾ ਵੀ ਇਸੇ ਕਾਰਯਕ੍ਰਮ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਕੰਮ ਉਨ੍ਹਾਂ ਵਿਸ਼ੇਸ਼ ਇਲਾਕਿਆਂ ਵਿਚ ਫਿਰ ਕੇ ਲੋਕਾਂ ਦੇ ਮੂੰਹਾਂ ਵਿੱਚੋਂ ਬੋਲਦੇ ਸ਼ਬਦਾਂ ਨੂੰ ਇਕੱਠਿਆਂ ਕਰਨ ਨਾਲ ਹੀ ਸੰਭਵ ਜਾਂ ਸਫਲ ਹੋਇਆ ਸਮਝਿਆ ਜਾ ਸਕਦਾ ਹੈ। ਇਸ ਕੰਮ ਲਈ ਉਚੇਚੇ ਉਪ-ਬੋਲੀ ਮਾਹਰ ਨਿਯੁਕਤ ਕੀਤੇ ਗਏ। ਹੁਣ ਤਕ ਅਸੀਂ ‘ਪੋਠੋਹਾਰੀ’ ਤੇ ‘ਪੁਆਧੀ’ ਦੇ ਸ਼ਬਦ-ਸੰਗ੍ਰਹਿ ਸੰਪੂਰਨ ਕਰ ਚੁਕੇ ਹਾਂ। ਇਹ ਪਾਠਕਾਂ ਦੇ ਸਾਹਮਣੇ ਹਨ। ‘ਮਲਵਈ’ ਪੁਰ ਕੰਮ ਹੋ ਰਿਹਾ ਹੈ। ‘ਕਾਂਗੜੀ’ ਪੁਰ ਵੀ ਵਿਗਿਆਨਕ ਢੰਗ ਨਾਲ ਕੰਮ ਜਾਰੀ ਹੈ। ‘ਲਹਿੰਦੀ’ ਪੁਰ ਅੰਗ੍ਰੇਜ਼ਾਂ ਵੱਲੋਂ ਪਹਿਲਾਂ ਬਹੁਤ ਕੰਮ ਚੁਕਾ ਹੈ। ਜਿਊਕਸ ਤੇ ਵਿਲਸਨ ਦੇ ‘ਲਹਿੰਦਾ ਕੋਸ਼’ ਇਸ ਪਾਸੇ ਕੀਤੇ ਗਏ ਚੰਗੇ ਜਤਨਾਂ ਵਿੱਚੋਂ ਕਹੇ ਜਾ ਸਕਦੇ ਹਨ। ਅਸੀਂ ਜਤਨ ਕਰ ਰਹੇ ਹਾਂ ਕਿ ਇਨ੍ਹਾਂ ਕੋਸ਼ਾਂ ਨੂੰ ਵੀ ਮੁੜ ਛਾਪ ਦਿੱਤਾ ਜਾਵੇ। ਜੰਮੂ ਕਸ਼ਮੀਰ ਦੀ ਸਰਕਾਰ ਵੱਲੋਂ ‘ਡੋਗਰੀ’ ਪੁਰ ਵੀ ਖ਼ਾਸਾ ਨਿੱਗਰ ਕੰਮ ਹੋ ਰਿਹਾ ਹੈ। ਇਸ ਤਰ੍ਹਾਂ ਪੰਜਾਬੀ ਦੀਆਂ ਭਾਖਾਵਾਂ ਦੇ ਸ਼ਬਦ-ਕੋਸ਼ ਸ਼ੀਘਰ ਹੀ ਸਾਡੇ ਸਾਹਮਣੇ ਆ ਜਾਣਗੇ, ਤੇ ਇਉਂ ਸਾਡੀ ਇਸ ਯੋਜਨਾ ਦੀਆਂ‌ ਅੰਤਮ ਕੜੀਆਂ ਪੂਰੀਆਂ ਹੋ ਜਾਣਗੀਆਂ।

ਪੋਠੋਹਾਰੀ ਦਾ ਇਹ ਸ਼ਬਦ-ਕੋਸ਼ ਆਪ ਦੇ ਹੱਥਾਂ ਵਿਚ ਹੈ। ਅਸਾਂ ਆਪਣੇ ਵੱਲੋਂ ਪੂਰਾ ਜਤਨ ਕੀਤਾ ਹੈ ਕਿ ਇਹ ਆਪਣੇ ਆਪ ਵਿਚ ਇਕ ਮੁਕੰਮਲ ਕੋਸ਼ ਹੋਵੇ, ਪਰ ਦੇਸ਼ ਦੀ ਵੰਡ ਉਪਰੰਤ ਦੋ ਵੱਡੀਆਂ ਔਕੜਾਂ ਇਸ ਸ਼ਬਦ-ਸੰਗਹਿ ਦੇ ਰਾਹ ਵਿਚ ਪੇਸ਼ ਆਈਆਂ। ਇਕ ਤਾਂ, ਉਹ ਸਾਰਾ ਇਲਾਕਾ, ਜਿੱਥੋਂ ਦੀ ਇਹ ਉਪ-ਬੋਲੀ ਹੈ, ਪੱਛਮੀ ਪਾਕਿਸਤਾਨ ਵਿਚ ਰਹਿਣ ਕਾਰਨ ਸਾਡੇ ਉਪ-ਬੋਲੀ ਮਾਹਰ ਸ੍ਰੀ ਦਰਸ਼ਨ ਸਿੰਘ ‘ਆਵਾਰਾ’ ਲਈ ਅਪਹੁੰਚ ਹੋ ਗਿਆ ਅਤੇ ਅਸੀਂ ਬਹੁਤ ਸਾਰੇ ਅਜਿਹੇ ਸ਼ਬਦ ਇਕੱਤਰ ਨਹੀਂ ਕਰ ਸਕੇ, ਜਿਹੜੇ ਪੋਠੋਹਾਰ ਦੇ ਪਿੰਡਾਂ ਵਿਚ ਜਾ ਕੇ ਤੇ ਲੋਕਾਂ ਦੇ ਮੂੰਹੋਂ ਸੁਣ ਕੇ ਇਸ ਸੰਗ੍ਰਹਿ ਵਿਚ ਸੰਕਲਤ ਕੀਤੇ ਜਾ ਸਕਦੇ ਸਨ। ਦੂਜੇ ਉਧਰੋਂ