ਪੰਨਾ:ਪ੍ਰੀਤ ਕਹਾਣੀਆਂ.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬਚ ਨ ਸਕਿਆ, ਤੇ ਅਧੀ ਰਾਤ ਨੂੰ ਚਲ ਵਸਿਆ। ਜ਼ਖਮੀ ਮੁਟਿਆਰ ਬੜੀ ਖੂਬਸੂਰਤ ਸੀ। ਹਸਪਤਾਲ ਵਾਲਿਆਂ ਦਾ ਖਿਆਲ ਸੀ, ਕਿ ਉਸਦੀ ਸੁੰਦਰਤਾ ਦੇ ਸਾਰੇ ਚਿਨ ਮਿਟਾਣ ਲਈ ਉਸ ਪੁਰ ਇਹ ਹਮਲਾ ਕੀਤਾ ਗਿਆ ਹੋਵੇਗਾ। ਪੁਲਸ ਨੂੰ ਬਿਆਨ ਦੇਣ ਸਮੇਂ ਉਸ ਸੁੰਦਰੀ ਨੇ ਕਿਹਾ-"ਮੇਰਾ ਨਾਂ ਮੁਮਤਾਜ਼ ਹੈ, ਤੇ ਮੈਂ ਅਬਦੁਲ ਕਾਦਰ ਦੀ ਰਖੇਲੀ ਹਾਂ। ਅਬਦੁਲ ਇਕ ਬੜਾ ਅਮੀਰ ਆਦਮੀ ਹੈ ਤੇ ਉਸਨੂੰ ਲੁਟਣ ਲਈ ਇਹ ਹਮਲਾ ਕੀਤਾ ਗਿਆ ਹੈ।" ਪਰ ਉਸਦੇ ਪ੍ਰਾਈਵੇਟ ਸੈਕਰੇਟਰੀ ਦਾ ਬਿਆਨ ਸੀ ਕਿ "ਇਸ ਹਮਲੇ ਹੇਠਾਂ ਕੋਈ ਡੂੰਘੀ ਸਾਜ਼ਸ਼ ਕੰਮ ਕਰ ਰਹੀ ਸੀ। ਹਮਲਾਆਵਰਾਂ ਨੇ ਅਬਦੁਲ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਤੇ ਮੁਮਤਾਜ਼ ਨੂੰ ਉਨ੍ਹਾਂ ਸਿਰਫ ਛੁਰੇ ਨਾਲ ਜ਼ਖਮੀ ਕੀਤਾ ਸੀ। ਮੁਮਤਾਜ਼ ਦੀ ਉਹ ਸਿਰਫ ਸ਼ਕਲ ਹੀ ਵਿਗਾੜਨਾ ਚਾਹੁੰਦੇ ਸਨ।" ਮੋਟਰ ਡਰਾਈਵਰ ਨੇ ਵੀ ਇਸ ਬਿਆਨ ਦੀ ਤਾਈਦ ਕੀਤੀ।

ਮਿਸਟਰ ਪੀ. ਏ. ਕੇਲੀ ਉਨ੍ਹੀਂ ਦਿਨੀ, ਬੰਬਈ ਦੇ ਪੁਲਸ ਕਮਿਸ਼ਨਰ ਸਨ। ਉਹ ਇਸ ਮੁਆਮਲੇ ਦੀ ਪੂਰੀ ਪੜਤਾਲ ਕਰਨਾ ਚਾਹੁੰਦੇ ਸਨ। ਪੁਰਾਣੇ ਕਾਗ਼ਜ਼ਾਤ ਦੀ ਵੀ ਵੇਖ ਭਾਲ ਕੀਤੀ ਗਈ। ਇਸ ਵਾਕਿਆ ਤੋਂ ਪੰਜ ਮਹੀਨੇ ਪਹਿਲਾਂ ਦੀ ਇਕ ਦਰਖਾਸਤ ਪੁਲਸ ਹਥ ਆਈ, ਜਿਸ ਵਿਚ ਮੁਮਤਾਜ਼ ਨੇ ਲਿਖਿਆ ਸੀ-'ਮੇਰੇ ਮਾਪੇ ਮੈਨੂੰ ਇੰਦੌਰ ਨਰੇਸ਼ ਪਾਸ ਭੇਜਣਾ ਚਾਹੁੰਦੇ ਹਨ, ਪਰ ਮੈਂ ਉਥੇ ਨਹੀਂ ਜਾਣਾ ਚਾਹੁੰਦੀ, ਇਸ ਲਈ ਬੰਬਈ ਪੁਲਸ ਮੇਰੀ ਰਖਿਆ ਕਰੇ।"

ਪੁਲਸ ਕਮਿਸ਼ਨਰ ਨੇ ਇਸ ਮੁਆਮਲੇ ਵਿਚ ਖਾਸੀ ਦਿਲਚਸਪੀ ਲਈ। ਪੁਲਸ ਦੇ ਪੁਰਾਣੇ ਕਾਗ਼ਜ਼ਾਂ ਚੋਂ ਇਕ ਹੋਰ ਮੁਆਮਲੇ ਦਾ ਪਤਾ ਲਗਾ। ਇੰਦੌਰ ਦੇ ਸ਼ੰਭੂ ਦਿਆਲ ਨਾਂ ਦੇ ਇਕ ਆਦਮੀ ਦੀ ਰਿਆਸਤੀ ਪੁਲਸ ਮੰਗ ਕਰ ਰਹੀ ਸੀ। ਇੰਦੌਰ ਪੁਲਸ ਨੂੰ ਸ਼ਕ ਸੀ, ਕਿ ਸ਼ੰਭੂ ਦਿਆਲ ਬੰਬਈ ਵਿਚ ਹੀ ਹੈ। ਸ਼ੰਭੂ ਦਿਆਲ ਪਕੜਿਆ ਗਿਆ।

-੨੪-