—ਮੁਖ ਲੇਖ-—
ਕਿਸੇ ਸਚ ਕਿਹਾ ਹੈ, ਕਿ ਜੇਕਰ ਦੁਨੀਆਂ ਵਿਚ ਪ੍ਰੇਮ ਨਾ ਹੁੰਦਾ, ਤਾਂ ਸੰਸਾਰ ਅਜ ਵਰਗਾ ਖੂਬਸੂਰਤ, ਦਿਲ-ਖਿਚਵਾਂ ਤੇ ਪਿਆਰਾ ਪਿਆਰਾ ਨਾ ਲਗਦਾ, ਸਗੋਂ ਬਿਲਕੁਲ ਸੁਨਸਾਨ, ਵੈਰਾਨ ਤੇ ਸਹਿਰਾ ਵਰਗੇ ਰੇਤਲੇ ਥਲਾਂ ਨਾਲ ਭਰਿਆ ਹੁੰਦਾ, ਤੇ ਮੌਤ ਵਰਗਾ ਭਿਆਨਕ ਲਗਦਾ। ਕੋਈ ਮਹਾਂਪੁਰਸ਼ ਹੋਵੇ,ਜਾਂ ਗ਼ਰੀਬ ਮਜ਼ਦੂਰ; ਮਹੱਲਾਂ ਦਾ ਵਾਸੀ ਹੋਵੇ, ਜਾਂ ਕੱਖਾਂ ਦੀ ਕੁਲੀ ਵਿਚ ਰਹਿਣ ਵਾਲਾ ਟਪਰੀਵਾਸ-ਮੁਹੱਬਤ ਕੀਤੇ ਬਿਨਾ ਨਹੀਂ ਰਹਿ ਸਕਦਾ। ਜੋ ਵੀ ਇਸ ਦੁਨੀਆਂ ਵਿਚ ਆਇਆ, ਉਸ ਨੇ ਪਿਆਰ ਜ਼ਰੂਰ ਕੀਤਾ। ਕਿਸੇ ਛੁਪ ਕੇ, ਤੇ ਕਿਸੇ ਮਿਰਜ਼ੇ ਤੇ ਰਾਂਝੇ ਵਾਂਗ ਜਾਨਾਂ ਤੇ ਖੇਡਕੇ, ਅਤੇ ਚੋਕੁੰਟੀ ਹੋਕਾ ਦੇ ਕੇ। ਤੇ ਫਿਰ ਇਕ ਵਾਰ ਜਿਸ ਨੂੰ ਇਹ ਬੀਮਾਰੀ ਲਗ ਗਈ, ਉਹ ਸਾਰੀ ਉਮਰ ਗੋਡੇ ਅਡੀਆਂ ਰਗੜ ਥਕਿਆ, ਪਰ ਸੀਨੇ ਲਗੀ ਅਗ ਮੁੜ ਨਾ ਬੁਝ ਸਕੀ:—
"ਇਸ਼ਕ ਪੁਰ ਜ਼ੋਰ ਨਹੀਂ, ਇਹ ਉਹ ਆਤਸ਼ ਹੈ 'ਗ਼ਾਲਬ'
ਜੋ ਲਗਾਇਆਂ ਨਾ ਲਗੇ, ਤੇ ਬੁਝਾਇਆਂ ਨਾ ਬੁਝੇ।"
ਤੇ ਫਿਰ—
"ਮੁਹੱਬਤ ਦੇ ਵਿਚ ਫਰਕ ਨਹੀਂ ਹੈ, ਮਰ ਜਾਵਣ ਤੇ ਜੀਵਣ ਦੇ ਵਿਚ"
ਅਰ ਇਸ਼ਕ ਦੇ ਮਕਤਬ ਵਿਚ
"ਉਸ ਨੂੰ ਛੁਟੀ ਨਾ ਮਿਲੇ, ਜਿਸ ਨੂੰ ਸਬਕ ਯਾਦ ਰਹੇ।"
ਦੁਨੀਆਂ ਦੀਆਂ ਬਦਨਾਮੀਆਂ, ਤੋਹਮਤਾਂ ਤੇ ਲਾਹਨਤਾਂ ਦੀ ਪ੍ਰੇਮੀ ਨੂੰ ਕੋਈ ਪ੍ਰਵਾਹ ਨਹੀਂ। ਉਹ ਆਪਣੀ ਪ੍ਰੇਮਕਾ ਲਈ ਮਹੀਆਂ ਚਾਰ ਸਕਦਾ ਹੈ, ਪ੍ਰਿਤਮਾ ਦੀ ਖੁਸ਼ੀ ਖਾਤਰ ਪਟ ਦਾ ਮਾਸ ਪੇਸ਼ ਕਰ ਸਕਦਾ ਹੈ, ਉਸ ਦੇ ਵਸਲ ਲਈ ਪਹਾੜ ਚੀਰੇ, ਤੇ ਜੰਗਲ ਬੇਲੇ ਗਾਹੇ ਜਾ ਸਕਦੇ ਹਨ
-੩-