ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੫)

ਚੌਹੀ ਲਾਂਭੀ ਧੁੰਮ ਗਈ, ਬਸ ਸੁਣਨ ਦੀ ਢਿਲ ਸੀ, ਸੋਨੇ ਦੀਆਂ ਖਾਣਾਂ ਪੁਰ ਆਦਮੀਆਂ ਦੇ ਟੋਲਿਆਂ ਦੇ ਟੋਲੇ ਆ ਜੁੜੇ, ਇਨ੍ਹਾਂ ਵਿੱਚੋਂ ਕੁਝ ਤਾਂ ਜੰਗਲ ਤੇ ਪਹਾੜਾਂ ਦੀ ਮਿੱਟੀ ਛਾਣਦੇ ਘੋੜੇ ਗੱਡੀਆਂ ਪੁਰ ਅਸਵਾਰ ਆ ਪਹੁੰਚੇ, ਅਰ ਕਈ ਵਿਚਾਰੇ ਰਸਤੇ ਵਿੱਚ ਹੀ ਭੁਖ ਤੇ ਥਕੇਵੇਂ ਦੇ ਮਾਰੇ ਮਰ ਗਏ, ਕੁਝ ਦੂਰ ਦੇਸਾਂ ਥੋਂ ਜਹਾਜਾਂ ਪੂਰ ਚੜ੍ਹ ਕੇ ਜਾ ਪਹੁੰਚੇ, ਆਸ ਪਾਸ ਦੇ ਪਿੰਡ ਸਭ ਉਜਾੜ ਹੋ ਗਏ, ਬੰਦਰਾਂ ਵਿੱਚ ਅਚਰਜ ਤਰ੍ਹਾਂ ਦੀ ਘਮਸਾਨ ਚੌਦੋਂ ਮਚ ਗਈ, ਇੱਥੇ ਸੁਦਾਗਰਾਂ ਲਈ ਦੇਸ ੨ ਦੇ ਜਹਾਜ ਆਏ ਹੋਏ ਸਨ, ਮਲਾਹ ਲੋਕ ਇਨ੍ਹਾਂ ਨੂੰ ਛਡ ਛੁਡ ਕੇ ਸੋਨੇ ਦੀ ਧੁਨ ਵਿੱਚ ਤੁਰ ਪਏ, ਇਸ ਹਲ ਚਲੀ ਵਿੱਚ ਘਰਾਂ ਵਿੱਚ ਬੜੇ ਹੀ ਆਦਮੀ ਰਹ ਗਏ ਸਨ, ਇਨ੍ਹਾਂ ਲਈ ਕੰਮ ਦਾ ਕੀ ਘਾਟਾ ਸੀ? ਜੋ ਲੋਕ ਇਨ੍ਹਾਂ ਸੋਨੇ ਦੀਆਂ ਖਾਣਾਂ ਨੂੰ ਜਾਂਦੇ ਹੋਏ ਉੱਥੇ ਆਕੇ ਉਤਰਦੇ ਸਨ, ਏਹ ਉਨ੍ਹਾਂ ਦੀ ਸੇਵਾ ਕਰਦੇ ਸਨ, ਅਰ ਉਨ੍ਹਾਂ ਨੂੰ ਜਿਸ ਚੀਜ ਦੀ ਲੋੜ ਹੁੰਦੀ ਸੀ ਲਿਆ ਦਿੰਦੇ ਸਨ, ਇਨ੍ਹਾਂ ਦੇ ਬੀ ਘਿਓ ਵਿੱਚ ਰੰਗੇ ਸਨ, ਮਜੂਰ ਲੋਕ ਰੋਜ ੨੦ ਰੁਪੈ, ਤਰਖਾਣ ਤੇ ਲੋਹਾਰ ਕੋਈ ਅੱਧੀ ਛਟਾਂਕ ਸੋਨਾ ਰੋਜ ਜਾਂ ਚਾਲੀ ਰੁਪੈ, ਰਸੋਈਏ ੩੦੦ ਰੁਪਯਾ ਮਹੀਨਾ ਪਾਉਂਦੇ ਸਨ, ਥੋੜੇ ਚਿਰ ਵਿੱਚ ਕਈ ਲੋਕ ਤਾਂ ਵਡੇ ਧਨਾਢ ਹੋ ਗਏ,