ਪੰਨਾ:ਪੰਜਾਬੀ ਪੱਤਰ ਕਲਾ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਤਰਕਲਾ ਦਾ ਇਤਿਹਾਸ

੧੧

ਅਮਰੀਕਾ ਦੇ ਅਖਬਾਰ ਵਧੇਰੇ ਭੜਕੀਲੇ ਤੇ ਰੰਗੀਨ ਹਨ। ਉਥੇ ਵਲਾਇਤ ਵਾਲਾ ਸੰਕੋਚ, ਕਾਗ਼ਜ਼ ਦੀ ਬੁੜ ਆਦਿ ਰੁਕਾਵਟਾਂ ਨਹੀਂ। ਵੱਡੇ ਵੱਡੇ ਆਕਾਰ ਦੇ ਅਖ਼ਬਾਰ ਸੋਹਣੇ ਕਾਗ਼ਜ਼ ਤੋਂ ਬੜੀ ਭਾਰੀ ਗਿਠਤੀ ਵਿਚ ਛਪਦੇ ਹਨ। ਉਨ੍ਹਾਂ ਉਪਰ ਵਪਾਰਕ ਧੜੇ ਦਾ ਕਾਬੂ ਪਰਤੱਖ ਹੈ। ਪਰ ਮਨੁੱਖੀ ਦਿਲਚਸਪੀ ਲਈ ਬੜਾ ਕਾਫੀ ਮਸਾਲਾ ਉਨ੍ਹਾਂ ਵਿਚ ਹੁੰਦਾ ਹੈ। ਮਨੁੱਖੀ ਜੀਵਨ ਦਾ ਕੋਈ ਪੱਖ ਨਹੀਂ ਜੋ ਉਥੇ ਪਤਰਕਾਰ ਦੀ ਨਿਗਾਹ ਵਿਚ ਨਾ ਆਉਂਦਾ ਹੋਵੇ। ਉਹ ਪੱਤਰਕਾਰ ਆਪਣੇ ਉੱਦਮ ਲਈ ਮਸ਼ਹੂਰ ਹਨ ਤੇ ਰੰਗ ਬਰੰਗੀਆਂ ਖਬਰਾਂ ਕੱਢਣ ਤੇ ਛਾਪਣ ਵਿਚ ਖਾਸ ਮਹਾਰਤ ਰਖਦੇ ਹਨ।

ਭਾਰਤ ਦੀ ਪੱਤਰਕਲਾ ਅੰਗਰੇਜ਼ੀ ਅਮਲਦਾਰੀ ਦੀ ਜੰਮ ਪਲ ਹੈ। ੨੩ ਜੂਨ, ੧੭੫੭ ਈ. ਨੂੰ ਪਲਾਸੀ (ਬੰਗਾਲ) ਦੀ ਲੜਾਈ ਹੋਈ ਜਿਸ ਵਿਚ ਲਾਰਡ ਕਲਾਈਵ ਨੇ ਨਵਾਬ ਸਿਰਾਜੂੱਦੌਲਾ ਨੂੰ ਹਾਰ ਦਿਤੀ। ਇਸ ਜਿੱਤ ਨੇ ਭਾਰਤ ਵਿਚ ਅੰਗਰੇਜ਼ਾਂ ਦੇ ਪੈਰ ਪੱਕੇ ਕਰ ਦਿਤੇ ਤੇ ਉਨ੍ਹਾਂ ਆਪਣੇ ਕੌਮੀ ਸੁਭਾਵ ਤੇ ਰੀਤ ਅਨੁਸਾਰ ਇਥੇ ਸੰਸਕ੍ਰਿਤਿਕ ਤੇ ਪ੍ਰਬੰਧਕ ਸੰਸਥਾਵਾਂ ਕਾਇਮ ਕਰਨੀਆਂ ਅਰੰਭ ਕੀਤੀਆਂ। ਕਲਕੱਤੇ ਵਿਚ ਸਭ ਤੋਂ ਪਹਿਲਾ ਅਖ਼ਬਾਰ ਇਕ ਅੰਗਰੇਜ਼ ਨੇ ੧੭੮੦ ਵਿਚ ਸ਼ੁਰੂ ਕੀਤਾ ਜੋ ਹਿੱਕੀ ਦੇ 'ਬੰਗਾਲ ਗੈਜ਼ਟ' ਨਾਮ ਤੋਂ ਪਰਸਿਧ ਹੋਇਆ। ਉਸ ਸਮੇਂ ਅਜੇ ਲੰਡਨ ਦਾ ਅਖ਼ਬਾਰ ਟਾਈਮਜ਼ ਚਾਲੂ ਨਹੀਂ ਸੀ ਹੋਇਆ। ਕਲਕੱਤੇ ਤੋਂ ਹੋਰ ਵੀ ਅਖ਼ਬਾਰ 'ਕਲਕੱਤਾ ਗੈਜ਼ਟ', 'ਇੰਡੀਅਨ ਵਰਲਡ'ਆਦਿ ਜਾਰੀ ਹੋਏ। ਬੰਬਈ ਵਿਚ ਪਹਿਲਾ ਅਖਬਾਰ 'ਬਾਂਬੇ ਹੈਰਲਡ' ੧੭੮੯ ਵਿਚ ਨਿਕਲਿਆ। ਉਸ ਤੋਂ ਪਿਛੋਂ ਦੋ ਹੋਰ ਅਖਬਾਰ 'ਬਾਂਬੇ ਕੋਰੀਅਰ' ਤੇ 'ਬਾਂਬੇ ਗੈਜ਼ਟ' ਨਿਕਲੇ। ਪੱਤਰਕਾਰੀ ਦਾ ਤੀਜਾ ਕੇਦਰ ਮਦਰਾਸ ਬਣਿਆ ਜਿਥੋਂ 'ਮਦਰਾਸ ਕੋਰੀਅਰ', 'ਹਰਕਾਰਾ' 'ਮਦਰਾਸ ਐਡਵਰਟਾਈਜ਼ਰ' ਆਦਿ ਅਖ਼ਬਾਰ ਜਾਰੀ ਹੋਏ। ਕਾਨ੍ਹਪੁਰ ਵਿਚ ਪਹਿਲਾ ਛਾਪੇਖਾਨਾ ੧੮੨੨ ਵਿਚ ਲੱਗਿਆ ਤੇ ਉਥੋਂ 'ਕਾਨ੍ਹਪੁਰ ਐਡਵਰਟਾਈਸ਼ਰ' ਨਾਮੀ ਅਖ਼ਬਾਰ ਨਿਕਲਿਆ।

ਸ਼ੁਰੂ ਸ਼ੁਰੁ ਦੇ ਇਹ ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਵਿਚ ਵਸਦੀ ਯੂਰਪੀਨ ਆਬਾਦੀ ਦੇ ਨਿਤਾਪਰਤੀ ਸਮਾਜਕ ਜੀਵਨ ਨੂੰ ਹੀ ਚਿਤਰਦੇ ਸਨ।