ਪੰਨਾ:ਪੰਜਾਬੀ ਪੱਤਰ ਕਲਾ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦

ਪੰਜਾਬੀ ਪੱਤਰ ਕਲਾ

ਨਾਲ ਪੱਤਰਕਾਰੀ ਨੇ ਬੜੀ ਤਰੱਕੀ ਕੀਤੀ। ਉਨ੍ਹੀਵੀਂ ਸਦੀ ਵਿਚ ਉਥੇ ਮਸ਼ੀਨੀ ਜੁਗ ਦੇ ਸ਼ੁਰੂ ਹੋਣ ਨਾਲ ਲੋਕਾਂ ਦੀ ਆਰਥਕ ਦਸ਼ਾ ਚੰਗੀ ਹੋ ਗਈ। ਅੰਗਰੇਜ਼ੀ ਰਾਜ ਦੂਰ ਦੂਰ ਤਾਈਂ ਫੈਲਿਆ ਤੇ ਤਜਾਰਤ ਦੇ ਵਾਖੇ ਦੇ ਨਾਲ ਦੇਸ ਵਿਚ ਮਾਇਆ ਦੇ ਖੁਲ੍ਹੇ ਗੱਫੇ ਆਉਣ ਲੱਗੇ। ਵਿਦਿਆ ਦਾ ਪਰਚਾਰ ਆਮ ਹੋਇਆ ਤੇ ਕੌਮੀ ਜਜ਼ਬੇ ਨੂੰ ਬੜਾ ਸਾਹਸ ਮਿਲਿਆ। ਇਹ ਸਭ ਗੱਲਾਂ ਪੱਤਰ ਕਲਾ ਦੀ ਉਨਤੀ ਵਿਚ ਸਹਾਈ ਹੋਈਆਂ। ਔਕੜਾਂ ਵੀ ਕਈ ਆਈਆਂ। ਸ਼ੁਰੂ ਸ਼ੁਰੂ ਵਿਚ ਹਕੂਮਤ ਵਲੋਂ ਕਈ ਬੰਦਸ਼ਾਂ ਲੱਗੀਆਂ ਹੋਈਆਂ ਸਨ। ਅਖ਼ਬਾਰ ਖੁਲ੍ਹੇ ਤੌਰ 'ਤੇ ਆਪਣੀ ਰਾਇ ਪਰਗਟ ਨਹੀਂ ਸਨ ਕਰ ਸਕਦੇ। ਪਰ ਅਖੀਰ ਅੰਗਰੇਜ਼ ਕੌਮ ਦੀ ਆਜ਼ਾਦੀ ਲਈ ਸੁਭਾਵਕ ਤਾਂਘ ਵਧੇਰੇ ਪਰਬਲ ਸਾਬਤ ਹੋਈ ਤੇ ਵਲਾਇਤ ਵਿਚ ਪੱਤਰਕਾਰੀ ਦੀਆਂ ਉਹ ਉਚੀਆਂ ਰਵਾਇਤਾਂ ਕਾਇਮ ਹੋਈਆਂ ਜੋ ਸਦਾ ਦੁਨੀਆਂ ਵਿਚ ਸਨਮਾਨੀਆਂ ਜਾਣਗੀਆਂ ਤੇ ਜਿਨ੍ਹਾਂ ਦੀ ਰੀਸ ਹਰ ਇਕ ਆਜ਼ਾਦ ਤੇ ਸਭਯ ਦੇਸ ਲਈ ਮਾਣ ਦਾ ਕਾਰਣ ਹੋਵੇਗੀ।

ਪੱਛਮ ਦੇ ਹੋਰ ਦੇਸਾਂ ਨੇ ਵੀ ਪੱਤਰਕਾਰੀ ਵਿਚ ਬੜੀ ਉੱਨਤੀ ਕੀਤੀ ਹੈ। ਫਰਾਂਸ ਵਿਚ ਤਕੜੀ ਗਿਣਤੀ ਵਿਚ ਅਖ਼ਬਾਰ ਛਪਦੇ ਹਨ। ਪਰ ਉਨ੍ਹਾਂ ਦੀ ਸੁਰ ਵਿਚ ਵਲਾਇਤ ਦੇ ਅਖ਼ਬਾਰਾਂ ਵਾਲੀ ਗੰਭੀਰਤਾ ਨਹੀਂ। ਜਰਮਨੀ ਵਿਚ ਦੂਜੇ ਮਹਾਨ ਯੁੱਧ ਤੋਂ ਪਹਿਲੋਂ ਤੇ ਯੁੱਧ ਦੇ ਦੌਰਾਨ ਵਿਚ ਉਥੋਂ ਦੀ ਹਕੂਮਤ ਨੇ ਅਖ਼ਬਾਰਾਂ ਨੂੰ ਆਪਣੇ ਮਤਲਬ ਲਈ ਖੂਬ ਦੰਗ ਨਾਲ ਵਰਤਿਆ। ਗੋਬਲਜ਼ ਜਿਹਾ ਪਰਾਪੇਗੰਡੇ ਦਾ ਉਸਤਾਦ ਦੁਨੀਆ ਨੇ ਅੱਜ ਤਕ ਪੈਦਾ ਨਹੀਂ ਕੀਤਾ। ਜਰਮਨੀ ਦਾ ਸਾਰਾ ਪ੍ਰੈਸ ਉਸ ਦੇ ਹੱਥ ਵਿਚ ਸੀ ਤੇ ਉਸ ਨੰ ਇਸ ਦੇ ਵਾਧੇ ਤੇ ਇਸ ਦੀ ਵਰਤੋਂ ਲਈ ਬੜੀ ਬਰੀਕੀ ਤੇ ਚਤੁਰਾਈ ਤੋਂ ਕੰਮ ਲਿਆ। ਰੂਸ ਵਿਚ ਲਾਲ ਇਨਕਲਾਬ ਤੋਂ ਪਹਿਲਾਂ ਪੱਤਰਕਾਰੀ ਦੇ ਹੁਨਰ ਨੇ ਕੋਈ ਖਾਸ ਤਰੱਕੀ ਨਹੀਂ ਸੀ ਕੀਤੀ। ਜ਼ਾਰ ਦੇ ਰਾਜ ਵਿਚ ਇਸ ਲਈ ਕੋਈ ਥਾਂ ਨਹੀਂ ਸੀ। ਅਜ ਕਲ ਰੂਸ ਦੇ ਅਖ਼ਬਾਰ ਕਾਗ਼ਜ਼, ਛਪਾਈ ਤੇ ਯੰਤ੍ਰਿਕ ਕਾਰੀਗਰੀ ਵਿਚ ਵਲਾਇਤ ਤੋਂ ਅਮਰੀਕਾ ਦੇ ਅਖ਼ਬਾਰਾਂ ਨਾਲ਼ੋਂ ਕਿਸੇ ਤਰ੍ਹਾਂ ਪਿਛੇ ਨਹੀਂ। ਇਨੀਂ ਗੱਲ ਜ਼ਰੂਰ ਹੈ ਕਿ ਰੂਸ ਵਿਚ ਹਕੂਮਤ ਦੀ ਨੀਤੀ ਦੇ ਅਨੁਸਾਰੀ ਤੇਂ ਅਨੁਵਾਦਕ ਹਨ। ਉਹ ਇਸ ਤੋਂ ਬਾਹਰ ਨਹੀਂ ਜਾ ਸਕਦੇ।