ਪੰਨਾ:ਪੰਜਾਬੀ ਪੱਤਰ ਕਲਾ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਤਰਕਲਾ ਦਾ ਇਤਿਹਾਸ

ਛੇਤੀ ਹੀ ਉਸ ਨੇ ਆਪਣੇ ਕੰਮ ਦੀ ਜਾਦੂਗਰੀ ਨਾਲ ਸਾਰਿਆਂ ਨੂੰ ਖਿਚ ਲਿਆ। ਥੋੜੇ ਸਾਲਾਂ ਵਿਚ ਹੀ ਰਾਈਟਰ ਨੂੰ ਆਪਣੀ ਏਜੰਸੀ ਵਿਚੋਂ ੪ ਲੱਖ ਰੁਪਿਆ ਸਾਲਾਨਾ ਦੇ ਕਰੀਬ ਆਮਦਨ ਹੋਣ ਲੱਗੀ। ਅੱਜ ਰਾਈਟਰ ਦੁਨੀਆ ਦੀ ਸਭ ਤੋਂ ਵੱਡੀ ਖਬਰ-ਪੁਚਾਊ ਏਜੰਸੀ ਹੈ ਤੇ ਮਨੁੱਖੀ ਉੱਦਮ ਤੋਂ ਵਿਗਿਆਨਕ ਉੱਨਤੀ ਦਾ ਇਕ ਵਧੀਆ ਕ੍ਰਿਸ਼ਮਾ ਹੈ।

'ਲੰਡਨ ਟਾਈਮਜ਼', ਜੋ ਇਸ ਸਮੇਂ ਦੁਨੀਆ ਦੇ ਚੋਟੀ ਦੇ ਅਖ਼ਬਾਰਾਂ ਵਿਚੋਂ ਇਕ ਹੈ, ਸੰਨ ੧੭੮੫ ਵਿਚ ਜਾਰੀ ਹੋਇਆ। ਸ਼ੁਰੂ ਤੋਂ ਹੀ ਇਹ ਅਖ਼ਬਾਰ ਨਵੇਂ ਖਿਆਲ ਤੇ ਨਵੀਆਂ ਕਾਢਾਂ ਅਪਣਾਉਣ ਵਿਚ ਮੋਹਰੀ ਰਿਹਾ। 'ਟਾਈਮਜ਼' ਨੇ ਛੇਤੀ ਹੀ ਆਪਣੀ ਇਕ ਨਿਵੇਕਲੀ ਸਾਹਿਤਕ ਧੁਜਾ ਕਾਇਮ ਕਰ ਲਈ ਜੋ ਅੱਜ ਤੱਕ ਕਿਸੇ ਹੋਰ ਅਖਬਾਰ ਦੀ ਪਹੁੰਚ ਤੋਂ ਬਾਹਰ ਰਹੀ ਹੈ। ਇਸ ਲਈ ਚੰਗੇ ਤੋਂ ਚੰਗੇ, ਸਾਹਿਤਕ ਸ਼ੌਕ ਤੇ ਹੁਨਰ ਵਾਲੇ ਐਡੀਟਰ ਰੱਖੇ ਗਏ। ੧੮੧੪ ਵਿਚ ਇਕ ਭਾਪ ਨਾਲ ਚਲਣ ਵਾਲੀ ਮਸ਼ੀਨ ਲਾਈ ਗਈ ਜੋ ਇਕ ਘੰਟੇ ਵਿਚ ੧੧੦੦ ਵਰਕੇ ਛਾਪ ਸਕਦੀ ਸੀ। ਉਸ ਸਮੇਂ ਇਹ ਇਕ ਭਾਰੀ ਕਰਾਮਾਤ ਸੀ। ਅਖ਼ਬਾਰਾਂ ਦੀ ਉੱਨਤੀ ਦੀ ਦੌੜ ਵਿਚ ਉਸ ਸਮੇਂ ਤਕ ਇਹ ਸਭ ਤੋਂ ਵੱਡੀ ਛਾਲ ਸੀ।

'ਟਾਈਮਜ਼' ਦੀਆਂ ੧੮੧੫ ਵਿਚ ੫੦੦੦ ਕਾਪੀਆਂ ਛਪਦੀਆਂ ਸਨ, ੧੮੩੪ ਵਿਚ ੧੦੦੦੦, ੧੮੪੪ ਵਿਚ ੨੩੦੦੦, ੧੮੫੧ ਵਿਚ ੪੦੦੦੦ ਤੇ ੧੮੫੪ ਵਿਚ ੫੧੬੪੮। ਅੱਜ ਕਲ੍ਹ ਇਸਦੇ ਦਿਨ ਵਿਚ ਕਈ ਕਈ ਐਂਡੀਸ਼ਨ ਛਪਦੇ ਹਨ ਤੇ ਰੋਜ਼ਾਨਾ ਕੁਲ ਗਿਣਤੀ ਲੱਖਾਂ ਤਕ ਪੁੱਜਦੀ ਹੈ। ਇਸ ਦੇ ਪਿੱਛੇ ਇਕ ਮਹਾਨ ਉਦਮ ਕੰਮ ਕਰ ਰਿਹਾ ਹੈ। ਬਹੁਤ ਸਾਰੇ ਮਹਿਕਮੇ ਹਨ ਜਿਨ੍ਹਾਂ ਵਿਚ ਅਣਗਿਣਤ ਆਦਮੀ ਕੰਮ ਕਰਦੇ ਹਨ। ਅਖਬਾਰ ਲਈ ਜਿਸ ਕਿਸੇ ਵਸਤੂ ਦੀ ਲੋੜ ਪੈਂਦੀ ਹੈ ਉਹ ਇਸ ਦੇ ਕਾਰਖਾਨਿਆਂ ਵਿਚ ਤਿਆਰ ਹੁੰਦੀ ਹੈ। ਇਥੋਂ ਤਾਈਂ ਕਿ ਵਡੀਆਂ ਵਡੀਆਂ ਮਸ਼ੀਨਾਂ ਭੀ ਇਸ ਦੇ ਆਪਣੇ ਕਾਰਖ਼ਾਨਿਆਂ ਵਿਚ ਢਾਲੀਆਂ ਜਾਂਦੀਆਂ ਹਨ। ਅਖ਼ਬਾਰ ਦੀਆਂ ਆਪਣੀਆਂ ਟੈਲੀਫੋਨ ਤੇ ਬਿਜਲੀ ਦੀਆਂ ਤਾਰਾਂ ਹਨ ਤੇ ਹਰ ਸਾਲ ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੈ।

ਵਿਲਾਇਤ ਵਿਚ ਵਿਗਿਆਨਕ ਉੱਨਤੀ ਤੇ ਰਾਜਸੀ ਆਜ਼ਾਦੀ ਦੇ ਨਾਲ