ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਭਾਸ਼ਾ ਦਾ ਇਤਿਹਾਸ


ਦੀ ਅਸ਼ਟਾਧਿਆਈ ਜੋ ਬਹੁਤ ਹੀ ਵਿਗਿਆਨਿਕ ਅਤੇ ਆਦਰਸ਼ ਵਿਆਕਰਣ ਹੈ, ਸੰਸਕ੍ਰਿਤ ਦਾ ਇਕ ਅਮੋਲਕ ਰਤਨ ਹੈ ।

ਪਾਣਿਨੀ ਦੇ ਸਮੇਂ ਦੇ ਪਿੱਛੋਂ ਛੇਤੀ ਹੀ ਸੰਸਕ੍ਰਿਤ ਵਿਦਵਾਨਾਂ ਦੀ, ਧਰਮ ਗ੍ਰੰਥਾਂ ਦੀ ਅਤੇ ਦੂਜੇ ਸਾਹਿੱਤ ਦੀ ਭਾਸ਼ਾ ਬਣ ਗਈ ।

ਸੰਸਕ੍ਰਿਤ ਜਿਹੀ ਪੁਰਾਣੀ ਅਤੇ ਬਹੁਤ ਲੰਮੀ ਉਮਰ ਵਾਲੀ ਦੂਜੀ ਭਾਸ਼ਾ ਇਸ ਧਰਤੀ ਉਪਰ ਨਹੀਂ ਦਿਸਦੀ । ਵਿਦਵਾਨਾਂ ਤੋਂ ਇਹ ਗੱਲ ਗੁੱਝੀ ਨਹੀਂ ਕਿ ਇਸ ਵਿੱਚ ਕੋਈ ਢਾਈ ਹਜ਼ਾਰ ਵਰ੍ਹੇ ਗ੍ਰੰਥਾਂ ਦੀ ਰਚਨਾ ਹੁੰਦੀ ਰਹੀ ਹੈ। ਇਸ ਦਾ ਸਾਹਿੱਤ ਉੱਚਾ, ਸੁੱਚਾ, ਬਹੁਮੁੱਲਾ, ਕਈ ਭਾਂਤਾਂ ਦਾ ਅਤੇ ਬਹੁਤ ਚੋਖਾ ਹੈ । ਇਸ ਦਾ ਸ਼ਬਦ-ਭੰਡਾਰ ਅਪਾਰ ਅਤੇ ਅਨੂਪਮ ਹੈ। ਇਸੇ ਕਾਰਨ ਸੰਸਕ੍ਰਿਤ ਦਾ ਪ੍ਰਭਾਵ ਪੁਰਾਣੇ ਸਮੇਂ ਤੋਂ ਲੈ ਕੇ ਅਜ ਤਕ ਭਾਰਤੀ ਭਾਸ਼ਾਵਾਂ ਅਤੇ ਸਾਹਿੱਤਾਂ ਉਪਰ ਬਰਾਬਰ ਪੈਂਦਾ ਚਲਿਆ ਆਇਆ ਹੈ, ਇਥੋਂ ਤਕ ਕਿ ਦੱਖਣ ਦੀਆਂ ਦ੍ਰਾਵਿੜ ਭਾਸ਼ਾਵਾਂ ਵੀ ਸੰਸਕ੍ਰਿਤ ਸ਼ਬਦਾਂ ਨਾਲ ਭਰੀਆਂ ਪਈਆਂ ਹਨ ਅਤੇ ਉਨ੍ਹਾਂ ਦੇ ਸਾਹਿੱਤਾਂ ਉਪਰ ਵੀ ਸੰਸਕ੍ਰਿਤ ਸਾਹਿੱਤ ਦਾ ਚੋਖਾ ਪ੍ਰਭਾਵ ਪਿਆ ਦਿਸਦਾ ਹੈ। ਜਿਵੇਂ ਪ੍ਰਾਕ੍ਰਿਤ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸੰਸਕ੍ਰਿਤ ਤੋਂ ਸ਼ਬਦ ਲੈਂਦੀ ਰਹੀ, ਤਿਵੇਂ ਪੰਜਾਬੀ ਭਾਸ਼ਾ ਵੀ ਆਪਣੇ ਜਨਮ-ਕਾਲ ਤੋਂ ਹੀ ਸੰਸਕ੍ਰਿਤ ਦੇ ਸ਼ਬਦ ਵਰਤਦੀ ਰਹੀ ਹੈ। ਅਜਕਲ ਤਾਂ ਭਾਰਤ ਦੀਆਂ ਸਭ ਆਰਯ ਭਾਸ਼ਾਵਾਂ ਸੰਸਕ੍ਰਿਤ ਤੋਂ ਹੋਰ ਵੀ ਵੱਧ ਮਦਦ ਲੈ ਰਹੀਆਂ ਹਨ; ਸਭਨਾਂ ਵਿੱਚ ਪਾਰਿਭਾਸ਼ਿਕ ਸ਼ਬਦ ਬਹੁਤ ਕਰ ਕੇ ਸੰਸਕ੍ਰਿਤ ਦੇ ਹੀ ਲਏ ਜਾ ਰਹੇ ਹਨ। ਹੋਰ ਵੀ ਅਨੇਕ ਸਾਧਾਰਨ ਸੰਸਕ੍ਰਿਤ ਸ਼ਬਦ ਵਰਤੋਂ ਵਿੱਚ ਆਉਣ ਲੱਗ ਪਏ ਹਨ । ਸੁਤੰਤ੍ਰਤਾ ਤੋਂ ਪਿੱਛੋਂ ਇਹ ਗੱਲ ਹੋਣੀ ਸੁਭਾਵਕ ਹੈ ।

ਸਾਹਿਤਿਕ ਭਾਸ਼ਾ ਅਤੇ ਜਨਤਾ ਦੀ ਬੋਲੀ

੬. ਇਹ ਗੱਲ ਚੇਤੇ ਰਖਣੀ ਚਾਹੀਦੀ ਹੈ ਕਿ ਸਾਹਿੱਤਿਕ ਭਾਸ਼ਾ ਨਿਯਮਾਂ ਨਾਲ ਬੱਝੀ ਹੁੰਦੀ ਹੈ; ਇਸ ਕਰਕੇ ਇਸ ਦਾ ਵਿਕਾਸ ਰੁਕ ਜਾਂਦਾ ਹੈ; ਪਰ ਜਨਤਾ ਦੀ ਬੋਲੀ ਸਜੀਵ ਹੁੰਦੀ ਹੈ, ਸਦਾ ਵਿਕਸਦੀ ਰਹਿੰਦੀ ਹੈ ਅਤੇ ਬਦਲਦੀ ਰਹਿੰਦੀ ਹੈ।

ਪ੍ਰਾਕ੍ਰਿਤ ਦੀਆਂ ਵਿਸ਼ੇਸ਼ਤਾਵਾਂ

੭. ਪ੍ਰਾਕ੍ਰਿਤਾਂ ਦਾ ਸਮਾਂ ਭਾਸ਼ਾ ਦੇ ਬਦਲਣ ਦਾ ਸਮਾਂ ਸੀ । ਇਸ ਵੇਲੇ ਭਿੰਨ ਸੰਯੁਕਤ ਵਿਅੰਜਨਾਂ ਦੀ ਥਾਂ ਸਮਾਨ ਵਿਅੰਜਨਾਂ ਨੇ ਲੈ ਲਈ; ਜਿਵੇਂ :--संo कर्म [ਕਰਮ]> प्राo कम्म[ਕਮਮ]; संo पुत्र:[ਪੁਤਰ:]> प्राo पुत्तो[ਪੁੱਤੋ]; संo अद्द्य [ਅਦ੍ਯ]> प्राo त्रज्ज [ਅੱਜ]; संo सत्य [ਸਤ੍ਯ] > प्राo सच [ਸੱਚ] । ਪ੍ਰਾਕ੍ਰਿਤ- ਕਾਲ ਵਿੱਚ ਨਾਂਵ ਅਤੇ ਕ੍ਰਿਆ ਦੇ ਰੂਪ ਹੌਲੀ ੨ ਘਟਦੇ ਗਏ ਅਤੇ ਵਿਆਕਰਣ ਵਧੇਰੇ ਸਰਲ ਅਤੇ ਸੁਖਾਲਾ ਹੁੰਦਾ ਗਿਆ।