(੨੭੮)
ਚੜ੍ਹਦੇ ਵੱਲ ਰੇਤ ਛਲੇ ਵਿੱਚੋਂ ਦੀ ਰਾਹ ਖਹਿੜੇ ਤੋਂ ਬਿਨਾ ਚਲ ਪਿਆ, ਪਰ ਹੁਨ ਮੇਰੀ ਸਾਂਡਨੀ ਜਿਸਦੀ ਜਿੰਦ ਜਾਨ ਉੱਤੇ ਮੇਰੀ ਜਾਨ ਖੜੋਤੀ ਸੀ, ਦੁਖੀ ਪਰਤੀਤ ਹੋਨ ਲੱਗੀ। ਬੜੀ ਗਾਹੜੀ ਲੇਸਦਾਰ ਝੱਗ ਉਸ ਦੇ ਹੋਠਾਂ ਪੁਰ ਜੰਮਨੀ ਸ਼ੁਰੂ ਹੋ ਪਈ, ਤੇ ਉਸ ਦੀ ਛਾਤੀ ਵਿੱਚੋਂ ਮਨੁੱਖ ਵਾਂਗੁਰ ਕੁਰਲਾਨ ਦੀ ਅਵਾਜ਼ ਆਉਨ ਲੱਗੀ। ਮੈਨੂੰ ਸੰਸਾ ਹੋਯਾ ਜੋ, ਏਸ ਨੂੰ ਅਰਾਮ ਕਰਾਵਾਂ ਜਾਂ ਏਸ ਦੀ ਚਾਲ ਹਲਕੀ ਕਰ ਦਿਆਂ, ਪਰ ਮੈਂ ਏਹੋ ਨਿਸਚਾ ਕੀਤਾ ਕਿ ਏਉਂ ਨਹੀਂ ਕਰਨਾਂ ਤੇ ਮੈਂ ਉੱਸੇ ਚਾਲ ਚਲਾਉਂਦਾ ਗਿਆ। ਮੁਲਕ ਹੋਰ ਤਰ੍ਹਾਂ ਦਾ ਆਗਿਆ, ਪਧਰੇਲਾ ਟੋਟਾ ਤਾਂ ਮੈਂ ਲੰਘ ਆਇਆ, ਹੁਨ ਮੇਰੇ ਦੋਹੀਂ ਪਾਸੀਂ ਰੇਤ ਦੇ ਵੱਡੇ ੨ ਟਿੱਲੇ ਰਾਹ ਵਿੱਚ ਕਿਧਰੇ ਕਿਧਰੇ ਆਉਨ ਲੱਗੇ ਤੇ ਮੇਰੇ ਪੰਧ ਵਿੱਚ ਅਟਕਾ ਪੈਣ ਲੱਗਾ। ਪਰ ਮੈਂ ਭੀ ਘੱਟ ਨ ਕੀਤੀ, ਤਿੱਖੀ ਚਾਲ ਨਾਲ ਟਿੱਲਿਆਂ ਨੂੰ ਵਲ ਕੇ ਓੜਕ ਨੂੰ ਜਦ ਮੈਂ ਇਕ ਪਹਾੜੀ ਦੇ ਉੱਪਰ ਜਾ ਰਿਹਾ ਤਾਂ ਦੇਖਦਾ ਕੀ ਹਾਂ ਜੋ ਸਾਮ੍ਹਨੇ ਸਮੁੰਦਰ ਮੇਰੀ ਨਜ਼ਰ ਪਿਆ । ਮੈਂ ਅਜਿਹਾ ਨੱਠਿਆ ਮਾਨੋ ਮਿਸਰ ਨੂੰ ਲੁੱਟ ਕੇ ਆਇਆ ਤੇ ਮੇਰੇ ਪਿੱਛੇ- ਜੀਕਰ ਪੁਲਸ ਲਗੀ ਹੋਈ ਹੋਵੇ॥