ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੫੪ )
॥ ਕਥਾ ॥
ਕਿਸੇ ਬਨ ਵਿਖੇ ਭਾਸੁਕਰ ਨਾਮੀ ਸ਼ੇਰ ਰਹਿੰਦਾ ਸਾ, ਓਹ ਮਦ ਵਿਖੇ ਮੱਤਾ ਹੋਯਾ ਹਰ ਰੋਜ਼ ਅਨੇਕਾਂ ਪਸੂਆਂ ਨੂੰ ਮਾਰਦਾ ਸਾ। ਇੱਕ ਦਿਨ ਸਾਰੀ ਮ੍ਰਿਗਾਵਲੀ ਬੋਲੀ, ਹੇ ਮਹਾਰਾਜ! ਆਪ ਅਕਾਰਥ ਹਰ ਰੋਜ਼ ਅਨੇਕਾਂ ਪਸ਼ੂਆਂ ਨੂੰ ਮਾਰਦੇ ਹੋ, ਆਪ ਦੀ ਭੁਖ ਤਾਂ ਇੱਕ ਪਸੂ ਨਾਲ ਦੂਰ ਹੋ ਜਾਂਦੀ ਹੈ, ਇਸ ਲਈ ਸਾਡੇ ਨਾਲ ਤੁਸੀਂ ਪ੍ਰਤੱਗ੍ਯਾ ਕਰ ਛੱਡੋ, ਅੱਜ ਤੋਂ ਲੈ ਕੇ ਆਪਦੇ ਭੋਜਨ ਲਈ ਹਰ ਰੋਜ ਇੱਕ ਜੀਵ ਇੱਥੇ ਬੈਠਿਆਂ ਹੀ ਆਪਦੇ ਕੋਲ ਆ ਜਾਵੇਗਾ, ਇਸ ਪ੍ਰਕਾਰ ਆਪ ਦਾ ਬੀ ਗੁਜ਼ਾਰਾ ਬੜਾ ਸੁਖਾਲਾ ਹੋਵੇਗਾ ਅਤੇ ਸਾਡਾ ਸਭਨਾਂ ਦਾ ਬੀ ਨਾਸ ਨਾ ਹੋਵੇਗਾ॥
ਇਸ ਰਾਜ ਧਰਮ ਨੂੰ ਆਪ ਅੰਗੀਕਾਰ ਕਰੋ। ਇਸ ਬਾਤ ਪਰ ਕਿਹਾ ਬੀ ਹੈ:
॥ਦੋਹਰਾ॥
ਵਿਧਿ ਪੂਰਬਕ ਲੱਕੜੀ ਮਥੀ ਯਥਾ ਅਗਨਿ ਕੋ ਦੇਤ। ਤਥਾ ਭੂਮਿ ਫਲ ਦੇਤ ਹੈ ਤਾਂਤੇ ਰਹੋ ਸੁਚੇਤ॥ ਸ੍ਵਰਗ ਲੋਕ ਸਾਧਨ ਸੁਭਗ ਪਾਲਨ ਪ੍ਰਜਾ ਪਛਾਨ। ਧਰਮ ਨਾਸ ਅਪਜਸ ਜਗਤ ਪੀੜਾ ਪ੍ਰਜਾ ਬਖਾਨ॥