ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੪੪)
ਡਾਕਟਰ—ਮਹਾਰਾਜ! ਆਪ ਘਬਰਾਓ ਨਾ, ਥੋੜਾ ਜੇਹਾ ਹੌਸਲਾ ਕਰੋ, ਇਹ ਤਾਂ ਮੈਂ ਆਪਦੀ ਅਰੋਗਤਾ ਦੇ ਲਈ ਤਦਬੀਰ ਕੀਤੀ ਹੈ, ਤੁਸੀਂ ਬੁਰਾ ਨ ਮੰਨੋ, ਜਾਤ੍ਰਾ ਦੇ ਕਰਨ ਨਾਲ ਆਪ ਦਾ ਲਹੂ ਗਰਮ ਹੋ ਗਿਆ ਹੈ। ਜੇ ਕਦੇ ਇਸ ਵੇਲੇ ਤੁਹਾਨੂੰ ਚੰਗੇ ੨ ਪਦਾਰਥ ਖੁਲਾਵਾਂ ਤਾਂ ਸ਼ੀਘਰ ਹੀ ਤਪ ਚੜ੍ਹ ਜਾਏਗਾ, ਹਾਂ ਜਦ ਕੱਲ ਆਪ ਦਾ ਸਰੀਰ ਜਰਾ ਠਹਿਰ ਜਾਏਗਾ ਤਾਂ ਚੰਗੀ ਤਰਾਂਹ ਨਾਲ ਭੋਜਨ ਕਰਾਯਾ ਜਾਏਗਾ, ਕੋਈ ਤੁਹਾਨੂੰ ਰੋਕਨ ਵਾਲਾ ਨਹੀਂ। ਦੌਲਤਮੰਦ ਨੂੰ ਇਹ ਗੱਲ ਮੰਨਣੀ ਪਈ ਤੇ ਪਨੀਰ ਦੇ ਨਾਲ ਛੋਟਾ ਜਿਹਾ ਰੋਟੀ ਦਾ ਟੁਕੜਾ ਡਾਕਟਰ ਨੇ ਦਿੱਤਾ ਸਾ ਖਾ ਲੀਤਾ ਅਤੇ ਫੇਰ ਓਹ ਹਜੀਰਾਂ ਆਲੂ ਆਦਿ ਸਾਰੇ ਚੱਟ ਕਰ ਗਿਆ। ਭੁੱਖ ਦੇ ਹੋਟ ਕਰਕੇ ਉਸਨੂੰ ਓਹ ਚੀਜਾਂ ਅਜੇਹੀਆਂ ਸ੍ਵਾਦ ਵਾਲੀਆਂ ਹੋ ਗਈਆਂ ਕਿ ਕਦੇ ਮਠਿਆਈ ਅਤੇ ਕੜਾਹ ਏ ਬੀ ਅਜੇਹਾ ਸ੍ਵਾਦ ਵਾਲਾ ਨਹੀਂ ਮਲੂਮ ਹੋਇਆ ਸੀ। ਜਦ ਓਹ ਰਕਾਬੀਆਂ ਖਾਲੀ ਹੋ ਗਈਆਂ ਤਦ ਪੀਣ ਲਈ ਡਾਕਟਰ ਨੇ ਚਿੱਤ ਨੂੰ ਖੁਸ਼ੀ ਕਰਨ ਵਾਲਾ ਅਰਕ ਪਿਲਾਇਆ, ਜਿਸਦੇ ਨਾਲ ਉਸਦੀ ਜਾਨ ਵਿੱਚ ਜਾਨ ਆਈ॥