ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛਪਾਰ ਦਾ ਮੇਲਾ

ਮਨੁੱਖੀ ਵਿਕਾਸ ਦੀ ਕਹਾਣੀ ਬੜੀ ਘਟਨਾਵਾਂ ਭਰਪੂਰ ਹੈ। ਅੱਜ ਦੇ ਸਭਿਆ ਸਮਾਜ ਦੇ ਮੁਕਾਬਲੇ ਤੇ ਆਦਿ ਮਨੁੱਖ ਨੂੰ ਆਪਣਾ ਜੀਵਨ ਨਿਰਵਾਹ ਕਰਨ ਲਈ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਾ ਰਹਿਣ ਲਈ ਥਾਂ, ਨਾ ਤਨ ਢਕਣ ਲਈ ਬਸਤਰ ਤੇ ਨਾ ਢਿੱਡ ਨੂੰ ਝੁਲਕਾ ਦੇਣ ਲਈ ਬਣਿਆਂ ਬਣਾਇਆ ਪਦਾਰਥ। ਖੂੰਖਾਰ ਜਾਨਵਰਾਂ ਤੋਂ ਵੱਖਰਾ ਭੈਅ ਤੇ ਕੁਦਰਤੀ ਆਫ਼ਤਾਂ ਦੀ ਵੱਖਰੀ ਕਰੋਪੀ। ਜਾਂਗਲੀ ਜੀਵਨ ਜਿਉਂਦਾ ਆਦਿ ਮਨੁੱਖ ਮੁੱਖ ਤੌਰ 'ਤੇ ਜਾਨਵਰਾਂ ਦੇ ਸ਼ਿਕਾਰ ਲਈ ਭਟਕਦਾ ਫਿਰਦਾ। ਸ਼ਿਕਾਰ ਮਿਲ਼ ਜਾਂਦਾ, ਉਹਦਾ ਮਨ ਖ਼ੁਸ਼ੀ ਵਿੱਚ ਝੂਮ ਉੱਚਦਾ। ਖੂੰਖਾਰ ਜਾਨਵਰਾਂ ਦਾ ਸ਼ਿਕਾਰ ਕਰਦਾ ਤੇ ਕੁਦਰਤੀ ਆਫ਼ਤਾਂ ਨਾਲ਼ ਟਕਰਾਉਂਦਾ ਮਨੁੱਖ ਜਦੋਂ ਨਢਾਲ ਹੋ ਜਾਂਦਾ ਤਾਂ ਉਹਦਾ ਮਨ ਅਜਿਹਾ ਕੁਝ ਲੋਚਦਾ ਜਿਸ ਨਾਲ਼ ਉਹਦੇ ਮਨ ਅਤੇ ਸਰੀਰ ਨੂੰ ਕੁਝ ਰਾਹਤ ਮਿਲੇ, ਤਸਕੀਨ ਹੋਵੇ। ਆਦਿ ਮਨੁੱਖ ਦੇ ਰੂਹ ਦੀ ਖ਼ੁਰਾਕ ਦੀ ਲੋਚਾ ਮਨੋਰੰਜਨ ਦੇ ਵੱਖ-ਵੱਖ ਸਾਧਨਾਂ ਦੇ ਰੂਪ ਵਿੱਚ ਰੂਪਮਾਨ ਹੋਈ।

ਆਦਿ ਮਨੁੱਖ ਦੇ ਵਿਕਾਸ ਦੇ ਨਾਲ਼ ਹੀ ਮਨੁੱਖ ਦੀ ਸਾਂਝ ਕੁਦਰਤ ਨਾਲ਼ ਗੂੜ੍ਹੀ ਹੁੰਦੀ ਗਈ ਅਤੇ ਇਸ ਸਾਂਝ ਸਦਕਾ ਉਹ ਕੁਦਰਤ ਵਿੱਚ ਹੁੰਦੇ ਪਰਿਵਰਤਨਾਂ, ਬਦਲਦੀਆਂ ਰੁੱਤਾਂ ਨੂੰ ਮਾਣਦਾ ਰਿਹਾ। ਇਹ ਵਰਤਾਰੇ ਸਦੀਵੀ ਸਾਂਝ ਬਣ ਕੇ ਤਿਉਹਾਰਾਂ ਤੇ ਮੇਲਿਆਂ ਦੇ ਰੂਪ ਵਿੱਚ ਬਦਲ ਗਏ ਤੇ ਮਨੁੱਖ ਜਾਤੀ ਲਈ ਸਦੀਵੀ ਖ਼ੁਸ਼ੀ ਦੇ ਸੋਮੇ ਬਣ ਗਏ।

ਪੰਜਾਬ ਦੇ ਮੇਲਿਆਂ, ਨਾਚਾਂ ਅਤੇ ਤਿਉਹਾਰਾਂ ਵਿੱਚੋਂ ਪੰਜਾਬ ਦੀ ਨਚਦੀ-ਗਾਉਂਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ। ਲੋਕ ਨਾਚ, ਮੇਲੇ ਅਤੇ ਤਿਉਹਾਰ ਪੰਜਾਬੀ ਲੋਕ ਜੀਵਨ ਦੇ ਅਜਿਹੇ ਰੂਪ ਹਨ ਜਿਨ੍ਹਾਂ ਦੁਆਰਾ ਪੰਜਾਬੀ ਆਦਿ ਕਾਲ ਤੋਂ ਹੀ ਮਨੋਰੰਜਨ ਪ੍ਰਾਪਤ ਕਰਦੇ ਰਹੇ ਹਨ।

ਮੇਲੇ ਪੇਂਡੂ ਲੋਕਾਂ ਲਈ ਮਨ-ਪ੍ਰਚਾਵੇ ਦੇ ਵਿਸ਼ੇਸ਼ ਸਾਧਨ ਰਹੇ ਹਨ। ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ-ਭੰਨਵੀਂ ਜ਼ਿੰਦਗੀ ਨੂੰ ਭੁਲਾ ਕੇ ਖਿੜਵੇਂ ਰੌ ਵਿੱਚ ਪ੍ਰਗਟ ਹੁੰਦੇ ਹਨ। ਮੇਲੇ ਜਾਂਦੇ ਪੰਜਾਬੀਆਂ ਦੀ ਝਾਲ ਝੱਲੀ ਨਹੀਂ ਜਾਂਦੀ। ਉਹ ਆਪਣੇ ਆਪ ਨੂੰ ਸ਼ਿੰਗਾਰ ਵੰਨ-ਸੁਵੰਨੇ ਪਹਿਰਾਵੇ ਪਹਿਨ ਕੇ ਮੇਲਾ ਵੇਖਣ ਜਾਂਦੇ ਹਨ।

ਉਂਝ ਤੇ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ ਸਾਧੂ-ਸੰਤ, ਪੀਰ-ਫਕੀਰ ਦੀ ਸਮਾਧ 'ਤੇ ਕੋਈ ਨਾ ਕੋਈ ਮੇਲਾ, ਦੂਜੇ ਚੌਥੇ ਮਹੀਨੇ, ਲੱਗਦਾ ਹੀ ਰਹਿੰਦਾ ਹੈ ਪਰੰਤੂ ਛਪਾਰ ਦਾ ਮੇਲਾ, ਜਗਰਾਵਾਂ ਦੀ ਰੌਸ਼ਨੀ, ਹਦਰਸ਼ੇਖ ਦਾ ਮੇਲਾ, ਜਰਗ ਦਾ ਮੇਲਾ, ਲੋਪੋਂ ਦਾ ਸਾਧਾਂ ਦਾ ਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਮੇਲੇ ਪੰਜਾਬੀਆਂ ਦੇ ਬੜੇ ਹਰਮਨ ਪਿਆਰੇ ਮੇਲੇ ਹਨ ਜਿੱਥੇ ਲੋਕ ਸਾਹਿਤ ਦੀਆਂ ਕੂਲ੍ਹਾਂ ਆਪ ਮੁਹਾਰੇ ਹੀ ਵਹਿ ਰਹੀਆਂ ਹੁੰਦੀਆਂ

97/ਪੰਜਾਬੀ ਸਭਿਆਚਾਰ ਦੀ ਆਰਸੀ