ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਆਂ ਦਾ ਤਿਉਹਾਰ

ਉੱਤਰੀ ਭਾਰਤ ਦੇ ਵਸਨੀਕਾਂ ਖ਼ਾਸ ਕਰਕੇ ਪੰਜਾਬੀਆਂ ਲਈ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਜੇਠ-ਹਾੜ੍ਹ ਦੀ ਅਤਿ ਦੀ ਗਰਮੀ ਅਤੇ ਲੂੰਹਦੀਆਂ ਲੋਆਂ ਮਗਰੋਂ ਚੱਲਦੀਆਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦੀਆਂ ਹਵਾਵਾਂ ਸਾਰੇ ਵਾਤਾਵਰਣ ਨੂੰ ਰੁਮਾਂਚਕ ਬਣਾ ਦੇਂਦੀਆਂ ਹਨ। ਨਿੱਕੀ-ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਸਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਵਿੱਚ ਅਨੂਠਾ ਰੰਗ ਭਰਦੀਆਂ ਹਨ। ਸਾਰਾ ਵਾਤਾਵਰਣ ਨਸ਼ਿਆ ਜਾਂਦਾ ਹੈ। ਧਰਤੀ ਮੌਲਦੀ ਹੈ। ਬਨਸਪਤੀ ਤੇ ਨਵਾਂ ਨਿਖ਼ਾਰ ਆਉਂਦਾ ਹੈ । ਬੱਦਲਾਂ ਨੂੰ ਦੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ। ਕਿਧਰੇ ਕੋਇਲਾਂ ਕੂਕਦੀਆਂ ਹਨ। ਇਸ ਰੁਮਾਂਚਕ ਵਾਤਾਵਰਣ ਵਿੱਚ ਪੰਜਾਬਣਾਂ ਦਾ ਹਰਮਨ ਪਿਆਰਾ ਤਿਉਹਾਰ ‘ਤੀਆਂ ਦਾ ਤਿਉਹਾਰ' ਆਉਂਦਾ ਹੈ। ਇਸ ਤਿਉਹਾਰ ਨੂੰ ਸਾਰੇ ਧਰਮਾਂ ਅਤੇ ਜਾਤਾਂ ਦੀਆਂ ਮੁਟਿਆਰਾਂ ਬੜੇ ਹੀ ਚਾਅ ਨਾਲ ਮਨਾਉਂਦੀਆਂ ਹਨ। ਕੋਈ ਊਚ -ਨੀਚ ਨਹੀਂ ਸਾਰੇ ਵਿਤਕਰੇ ਭੁਲਾ ਕੇ ਸਾਂਝੇ ਤੌਰ 'ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ, ਇਸ ਨਾਲ ਸਾਂਝਾਂ ਪਕੇਰੀਆਂ ਹੁੰਦੀਆਂ ਹਨ। ਆਪਸੀ ਪਿਆਰ ਵੱਧਦਾ ਫੁੱਲਦਾ ਹੈ।

ਤੀਆਂ ਜਿਸ ਨੂੰ ਤੀਜ ਅਤੇ ਸਾਵੇਂ ਵੀ ਆਖਦੇ ਹਨ ਸਾਉਣ ਸੁਦੀ ਤਿੰਨ ਤੋਂ ਆਰੰਭ ਹੋ ਜਾਂਦਾ ਹੈ। ਇਸ ਤਿਉਹਾਰ ਦੇ ਤੀਜ ਤਿਥੀ ਨੂੰ ਆਰੰਭ ਹੋਣ ਕਰਕੇ ਹੀ ਇਸ ਦਾ ਨਾਂ ਤੀਆਂ ਅਥਵਾ ਤੀਜ ਪਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਤਿਉਹਾਰ ਦਾ ਨਾਂ 'ਗੌਰੀ ਤ੍ਰਿਤੀਯਾ' ਹੈ। ਇਹ ਤਿਉਹਾਰ 7, 9 ਜਾਂ 11 ਦਿਨ ਕੁੜੀਆਂ ਦੀ ਮਰਜ਼ੀ ਅਨੁਸਾਰ ਮਨਾਇਆ ਜਾਂਦਾ ਹੈ।

ਪੰਜਾਬ ਦੀਆਂ ਮੁਟਿਆਰਾਂ ਇਸ ਤਿਉਹਾਰ ਨੂੰ ਬੜੇ ਚਾਵਾਂ ਨਾਲ ਉਡੀਕਦੀਆਂ ਹਨ। ਵਿਆਹੀਆਂ ਕੁੜੀਆਂ ਆਪਣੇ ਪੇਕਿਆਂ ਦੇ ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ ਹਨ।

ਮਹਿੰਦੀ ਤਾਂ ਪਾ ਦੇ ਮਾਏਂ ਸੁੱਕਣੀ
ਮਾਏਂ ਮੇਰੀਏ
ਮਹਿੰਦੀ ਦਾ ਰੰਗ ਨੀ ਉਦਾਸ
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ
ਮਾਏਂ ਮੇਰੀਏ ਨੀ
ਧੀਆਂ ਨੂੰ ਲਈਂ ਨੀ ਮੰਗਾ
ਸਾਵਣ ਆਇਆ

123/ਪੰਜਾਬੀ ਸਭਿਆਚਾਰ ਦੀ ਆਰਸੀ