ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਾ ਮਹੀਨੇ ਤੱਕ ਬੱਚਾ ਤੇ ਜੱਚਾ ਨੂੰ ਪਿੰਡੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਹੁੰਦੀ। ਅੱਜਕੱਲ੍ਹ ਲੜਕੀਆਂ ਦੇ ਨੌਕਰੀਆਂ ਕਰਨ ਕਰਕੇ ਅਤੇ ਜਣੇਪੇ ਹਸਪਤਾਲਾਂ ਵਿੱਚ ਹੋਣ ਕਰਕੇ ਜਣੇਪੇ ਦੀਆਂ ਕਈ ਇਕ ਰਸਮਾਂ ਖ਼ਤਮ ਹੋ ਗਈਆਂ ਹਨ।

ਪੰਜਾਬੀਆਂ ਦੇ ਵਿਆਹ ਦੀਆਂ ਰਸਮਾਂ ਬੜੀਆਂ ਦਿਲਚਸਪ ਹਨ। ਪੁਰਾਣੇ ਸਮਿਆਂ ਵਿੱਚ ਨਾਈ ਬ੍ਰਾਹਮਣ ਮੁੰਡਾ ਕੁੜੀ ਦੇਖ ਕੇ ਨਾਤਾ ਜੋੜ ਦੇਂਦੇ ਸਨ। ਪਰੰਤੂ ਇਹ ਕੰਮ ਹੁਣ ਵਿੱਚੋਲਾ ਕਰਦਾ ਹੈ ਜਾਂ ਅਖ਼ਬਾਰਾਂ ਰਾਹੀਂ ਜੀਵਨ ਸਾਥੀ ਦੀ ਚੋਣ ਸਬੰਧੀ ਇਸ਼ਤਿਹਾਰ ਦੇ ਕੇ ਆਪਸੀ ਗੱਲਬਾਤ ਰਾਹੀਂ ਵਰ ਦੀ ਚੋਣ ਕੀਤੀ ਜਾਂਦੀ ਹੈ।

ਵਰ ਲੱਭਣ ਤੇ ਮੰਗਣੀ ਦੀ ਰਸਮ ਕੀਤੀ ਜਾਂਦੀ ਸੀ। ਕੁੜੀ ਵਾਲੇ ਨਾਈ ਦੇ ਹੱਥ ਖੰਮਣੀ, ਚਾਂਦੀ ਦਾ ਰੁਪਿਆ, ਪੰਜ ਛੁਹਾਰੇ ਤੇ ਕੇਸਰ ਆਦਿ ਦੇ ਕੇ ਮੰਗਣਾ ਕਰਨ ਲਈ ਮੁੰਡੇ ਦੇ ਪਿੰਡ ਆਉਂਦੇ। ਮੁੰਡੇ ਵਾਲੇ ਆਪਣੇ ਸ਼ਰੀਕੇ ਨੂੰ ਇਕੱਠਾ ਕਰਕੇ ਮੁੰਡੇ ਨੂੰ ਲੱਕੜ ਦੀ ਚੌਂਕੀ ਤੇ ਬਿਠਾ ਦਿੰਦੇ। ਨਾਈ ਆਪਣੇ ਨਾਲ ਲਿਆਈਆਂ ਚੀਜ਼ਾਂ ਉਸ ਦੇ ਪੱਲੇ ਵਿੱਚ ਪਾ ਕੇ ਉਸ ਦੇ ਮੱਥੇ ਨੂੰ ਕੇਸਰ ਦਾ ਟਿੱਕਾ ਲਾਉਂਦਾ। ਕੁੜੀ ਦਾ ਬਾਪ ਜਾਂ ਵਿਚੋਲਾ ਮੁੰਡੇ ਦੇ ਪੱਲੇ ਵਾਲੀਆ ਚੀਜ਼ਾਂ ਵਿੱਚੋਂ ਮਿਸ਼ਰੀ ਅਤੇ ਛੁਹਾਰਾ ਚੁੱਕ ਕੇ ਮੁੰਡੇ ਦੇ ਮੂੰਹ ਵਿੱਚ ਪਾਉਂਦਾ। ਸ਼ਰੀਕੇ ਦੀਆਂ ਔਰਤਾਂ ਮੁੰਡੇ ਦਾ ਸਿਰ ਪਲੋਸ ਕੇ ਇਕ ਇਕ ਰੁਪਏ ਦੇ ਵਾਰਨੇ ਕਰਦੀਆਂ। ਇਸ ਤੋਂ ਮਗਰੋਂ ਭਾਈਚਾਰੇ ਵਿੱਚ ਇਕ ਇਕ ਲਪ ਸ਼ੱਕਰ ਦੀ ਵੰਡੀ ਜਾਂਦੀ ਸੀ। ਸੁਆਣੀਆਂ ਇਸ ਸਮੇਂ ਘੋੜੀਆਂ ਗਾਉਂਦੀਆਂ ਸਨ। ਅੱਜਕਲ੍ਹ ਮੰਗਣੇ ਦਾ ਇਹ ਰਿਵਾਜ ਨਹੀਂ ਰਿਹਾ। ਮੰਗਣੇ ਦੀ ਥਾਂ ਰੋਕ ਕੀਤੀ ਜਾਂਦੀ ਹੈ। ਆਮ ਤੌਰ ਤੇ ਮੰਗਣਾ ਵਿਆਹ ਤੋਂ ਇਕ ਦੋ ਦਿਨ ਪਹਿਲਾਂ ਹੀ ਕੀਤਾ ਜਾਂਦਾ ਹੈ।

ਮੁੰਡੇ ਦੇ ਮੰਗਣੇ ਉਪਰੰਤ ਮੁੰਡੇ ਵਾਲੇ ਮੰਗੇਤਰ ਕੁੜੀ ਲਈ ਗਹਿਣੇ, ਸੂਟ, ਜੁੱਤੀ, ਲਾਲ ਪਰਾਂਦਾ, ਮਹਿੰਦੀ, ਮੌਲੀ ਚਾਉਲ ਤੇ ਛੁਹਾਰੇ ਭੇਜਦੇ ਹਨ। ਕੁੜੀ ਨਹਾ-ਧੋ ਕੇ ਚੜ੍ਹਦੇ ਵੱਲ ਮੂੰਹ ਕਰਕੇ ਆਪਣੇ ਘਰ ਵਿੱਚ ਪੀਹੜੀ 'ਤੇ ਬੈਠ ਜਾਂਦੀ। ਪਿੰਡ ਦੀ ਨਾਇਣ ਕੁੜੀ ਦੇ ਮੁੰਹ ਵਿੱਚ ਮਿਸ਼ਰੀ ਤੇ ਛੁਹਾਰੇ ਪਾਉਂਦੀ। ਇਸ ਪ੍ਰਕਾਰ ਕੁੜੀ ਦੀ ਮੰਗਣੀ ਹੋ ਜਾਂਦੀ। ਇਸ ਅਵਸਰ 'ਤੇ ਸ਼ੀਰਕੇ ਦੀਆਂ ਕੁੜੀਆਂ-ਬੁੜੀਆਂ ਸੁਹਾਗ ਦੇ ਗੀਤ ਗਾਉਂਦੀਆਂ ਸਨ।ਮੰਗੇਤਰ ਕੁੜੀ ਲਾਲ ਪਰਾਂਦੀ ਉਨੀ ਦੇਰ ਤੱਕ ਪਹਿਨਦੀ ਸੀ ਜਿੰਨੀ ਦੇਰ ਇਹ ਆਪ ਟੁੱਟ ਨਾ ਜਾਏ।

ਵਿਆਹ ਲਈ ਬ੍ਰਾਹਮਣਾਂ ਪਾਸੋਂ ਦਿਨ ਕਢਾਇਆ ਜਾਂਦਾ ਹੈ। ਪੰਡਿਤ ਸ਼ੁਭ ਲਗਨ ਦੀ ਘੜੀ ਪਤਰੀ ਫੋਲ ਕੇ ਦੱਸਦਾ ਹੈ। ਇਸ ਰਸਮ ਨੂੰ ਸਾਹਾ ਕਢਾਉਣਾ ਆਖਦੇ ਹਨ।

ਸ਼ੁਭ ਲਗਨ ਕਢਵਾ ਕੇ ਕੁੜੀ ਵਾਲੇ ਆਪਣਾ ਸ਼ਰੀਕਾ ਇਕੱਠਾ ਕਰਕੇ ਮੁੰਡੇ ਵਾਲਿਆਂ ਨੂੰ ਵਿਆਹ ਦੀ ਚਿੱਠੀ ਭੇਜਦੇ ਹਨ।ਨਾਈ ਇਹ ਚਿੱਠੀ ਲੈ ਕੇ ਜਾਂਦਾ ਹੈ। ਅੱਗੋਂ ਮੁੰਡੇ ਵਾਲੇ ਆਪਣਾ ਸ਼ਰੀਕਾ ਇਕੱਠਾ ਕਰਕੇ ਵਿਆਹ ਦੀ ਚਿੱਠੀ ਜਿਸ ਨੂੰ ਸਾਹੇ ਦੀ ਚਿੱਠੀ ਵੀ ਆਖਿਆ,ਖੋਲ੍ਹ ਕੇ ਪੜ੍ਹਦੇ ਹਨ।

ਸਾਹੇ ਦੀ ਚਿੱਠੀ ਦੇ ਫੌਰਨ ਮਗਰੋਂ ਅੰਗਾਂ ਸਾਕਾਂ ਨੂੰ ਨਾਈ ਦੇ ਹੱਥ ਵਿਆਹ ਦੀਆਂ ਗੱਠਾਂ ਭੇਜਣ ਦਾ ਰਿਵਾਜ ਹੈ। ਖੰਮਣੀ ਵਿੱਚ ਵਲੇਟ ਕੇ ਵਿਆਹ ਦੀ ਤਰੀਕ ਲਿਖੇ ਹੋਏ ਹਲਦੀ ਲੱਗੇ ਕਾਗਜ਼ ਨੂੰ ਗੱਠ ਆਖਿਆ ਜਾਂਦਾ ਹੈ। ਨਾਈ ਆਪ ਇਹ ਗੱਠਾਂ ਲੈ ਕੇ ਸਾਰੇ ਰਿਸ਼ਤੇਦਾਰਾਂ ਦੇ ਜਾਂਦਾ ਹੈ। ਰਿਸ਼ਤੇਦਾਰ ਨਾਈ ਨੂੰ ਦੋ-ਚਾਰ ਰੁਪਏ ਤੇ ਖੇਸ ਆਦਿ ਆਪਣੀ ਪੁਜਤ ਤੇ ਰਿਸ਼ਤੇਦਾਰੀ ਦੇ ਦਰਜੇ ਅਨੁਸਾਰ ਦੇਂਦੇ ਹਨ। ਅੱਜਕਲ੍ਹ ਵਿਆਹ ਦਾ ਸੱਦਾ ਛਪੇ ਕਾਰਡਾਂ ਰਾਹੀਂ ਦੇਂਦੇ ਹਨ।

145/ਪੰਜਾਬੀ ਸਭਿਆਚਾਰ ਦੀ ਆਰਸੀ