ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਨੂੰ ਆਈਆਂ ਨੂੰ ਮੰਜਾ ਨਾ ਡਾਹਿਆ
ਨੀ ਚੱਲੋ ਭੈਣੋਂ ਮੁੜ ਚੱਲੀਏ
ਸੋਡਾ ਵੇਹੜਾ ਭੀੜਾ ਨੀ
ਚੱਲੋ ਭੈਣੋਂ ਮੁੜ ਚੱਲੀਏ
ਸੋਡੇ ਕੋਠੇ ਤੇ ਥਾਂ ਹੈ ਨੀ
ਚੱਲੋ ਭੈਣੋਂ ਮੁੜ ਚੱਲੀਏ

ਨਾਨਕਾ ਮੇਲ਼ ਦਾ ਗ੍ਰਹਿ-ਪ੍ਰਵੇਸ਼ ਸ਼ਗਨਾਂ ਨਾਲ ਕੀਤਾ ਜਾਂਦਾ ਹੈ। ਵਿਆਂਦੜ ਮੁੰਡੇ-ਕੁੜੀ ਦੀ ਮਾਂ ਜਾਂ ਲਾਗਣ ਬੂਹੇ ਉੱਤੇ ਤੇਲ ਚੋ ਕੇ ਉਹਨਾਂ ਦਾ ਆਦਰ ਮਾਣ ਨਾਲ ਸੁਆਗਤ ਕਰਦੀ ਹੈ।

ਐਨੇ ਨੂੰ ਬਰਾਤ ਆਉਣ ਦਾ ਸਮਾਂ ਨੇੜੇ ਢੁੱਕ ਜਾਂਦਾ ਹੈ...ਰੱਥਾਂ, ਗੱਡੀਆਂ, ਊਠਾਂ ਅਤੇ ਘੋੜੀਆਂ ਦੀ ਧੂੜ ਪਿੰਡ ਦੀਆਂ ਬਰੂਹਾਂ ਤੱਕ ਪੁੱਜ ਜਾਂਦੀ ਹੈ ਤੇ ਸਾਰੀਆਂ ਮੇਲਣਾਂ ਇਕੱਠੀਆਂ ਹੋ ਕੇ ਆਪਣੇ ਘਰ ਦੇ ਦਰਵਾਜ਼ੇ ਮੂਹਰੇ ਖੜ ਕੇ ਸੁਆਗਤੀ ਗੀਤ ਗਾਉਂਦੀਆਂ ਹਨ:

ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ

ਜੀ ਜਨ ਨੇੜੇ ਨੇੜੇ
 

ਬੀਬੀ ਦੇ ਬਾਬਲ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਮਾਮੇ ਨੂੰ ਖ਼ਬਰ ਕਰੋ
 

ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਚਾਚਿਆਂ ਨੂੰ ਖ਼ਬਰ ਕਰੋ
 

ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬਰਾਤ ਦੇ ਢੁਕਾਅ ਤੇ ਕੁੜਮਾਂ ਤੇ ਮਾਪਿਆਂ ਦੀ ਮਿਲਣੀ ਕਰਵਾਈ ਜਾਂਦੀ ਹੈ। ਮਿਲਣੀ ਉਪਰੰਤ ਸਾਰੇ ਵਾਤਾਵਰਣ ਵਿੱਚ ਖ਼ੁਸ਼ੀ ਦੀਆਂ ਫੁਹਾਰਾਂ ਵਹਿ ਟੁਰਦੀਆਂ ਹਨ ਤੇ ਸਾਰਾ ਮਾਹੌਲ ਖੁੱਲ੍ਹਾ ਖੁਲਾਸਾ ਬਣ ਜਾਂਦਾ ਹੈ। ਇਸੇ ਮਾਹੌਲ ਦਾ ਲਾਹਾ ਲੈਂਦਿਆਂ ਮੇਲਣਾਂ ਪਹਿਲਾਂ ਘੱਟ ਕਰਾਰੀਆਂ ਤੇ ਮਗਰੋਂ ਸਲੂਣੀਆਂ ਸਿੱਠਣੀਆਂ ਦੇਂਦੀਆਂ ਹਨ:

51/ਪੰਜਾਬੀ ਸਭਿਆਚਾਰ ਦੀ ਆਰਸੀ