ਲੋਕ ਗੀਤ
ਮੁੱਢ ਕਦੀਮ ਤੋਂ ਹੀ ਲੋਕ ਸਾਹਿਤ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਰਿਹਾ ਹੈ। ਸੱਭਿਆ ਸਮਾਜ ਦੇ ਵਿਕਾਸ ਦੀ ਕਹਾਣੀ ਦਾ ਇਤਹਾਸ ਇਸ ਵਿੱਚ ਸਾਂਭਿਆ ਪਿਆ ਹੈ। ਆਦਿ ਮਨੁੱਖ ਇਸ ਦੁਆਰਾ ਆਪਣੀਆਂ ਖੁਸ਼ੀਆਂ ਗਮੀਆਂ, ਮਨੋਭਾਵਾਂ ਅਤੇ ਆਸ਼ਾਵਾਂ ਦਾ ਪ੍ਰਗਟਾਵਾ ਕਰਦਾ ਆਇਆ ਹੈ। ਲੋਕ ਸਾਹਿਤ ਵਿੱਚ ਕਿਸੇ ਸਮਾਜ ਅਥਵਾ ਜਾਤੀ ਦੇ ਸੰਸਕ੍ਰਿਤਕ ਤੇ ਸਭਿਆਚਾਰਕ ਅੰਸ਼ ਸਮੋਏ ਹੁੰਦੇ ਹਨ।
ਪੰਜਾਬੀ ਲੋਕ ਸਾਹਿਤ, ਸੰਸਾਰ ਦੇ ਲੋਕ ਸਾਹਿਤ ਵਾਂਗ ਪੰਜਾਬੀ ਲੋਕ ਜੀਵਨ ਦਾ ਦਰਪਨ ਹੈ ਜਿਸ ਵਿੱਚ ਪੰਜਾਬ ਦੀ ਨੱਚਦੀ, ਗਾਉਂਦੀ ਤੇ ਜੁਝਦੀ ਸੰਸਕ੍ਰਿਤੀ ਸਾਫ਼ ਨਜ਼ਰ ਆਉਂਦੀ ਹੈ। ਲੋਕ ਕਹਾਣੀਆਂ, ਲੋਕ ਬੁਝਾਰਤਾਂ, ਲੋਕ ਗੀਤ, ਲੋਕ ਨਾਚ, ਅਖਾਣ ਅਤੇ ਲੋਕ ਵਿਸ਼ਵਾਸ ਪੰਜਾਬੀ ਲੋਕ ਸਾਹਿਤ ਦੇ ਅਜਿਹੇ ਰੁਪ ਹਨ ਜਿਨ੍ਹਾਂ ਦੁਆਰਾ ਪੰਜਾਬੀ ਆਦਿ ਕਾਲ ਤੋਂ ਹੀ ਮਨੋਰੰਜਨ ਪ੍ਰਾਪਤ ਕਰਦੇ ਰਹੇ ਹਨ।
ਪੰਜਾਬ ਦੇ ਲੋਕ ਗੀਤ ਪੰਜਾਬੀ ਲੋਕ ਸਾਹਿਤ ਦਾ ਪ੍ਰਮੁੱਖ ਅੰਗ ਹਨ। ਪੰਜਾਬ ਦਾ ਲੋਕ ਜੀਵਨ ਇਨ੍ਹਾਂ ਵਿੱਚ ਧੜਕਦਾ ਸਾਫ਼ ਦਿਸ ਆਉਂਦਾ ਹੈ। ਇਹਨਾਂ ਵਿੱਚ ਐਨੀ ਵੰਨ ਸੁਵੰਨਤਾ ਹੈ ਕਿ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਲੋਕ ਗੀਤ ਨਾ ਮਿਲਦਾ ਹੋਵੇ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬੀ ਆਪਣਾ ਸਾਰਾ ਜੀਵਨ ਹੀ ਨੱਚਦੇ ਗਾਉਂਦੇ ਬਤੀਤ ਕਰਦੇ ਨੇ ਇਸੇ ਕਰਕੇ ਹਰ ਪੰਜਾਬੀ ਤੁਹਾਨੂੰ ਖ਼ੁਸ਼ੀਆਂ ਵੰਡਦਾ ਖਿੜੇ ਮੱਥੇ ਮਿਲੇਗਾ-ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਰਸਮਾਂ ਨਾਲ ਸਬੰਧਤ ਗੀਤ ਪੰਜਾਬੀਆਂ ਨੇ ਜੋੜੇ ਹੋਏ ਹਨ।
ਪੰਜਾਬੀ ਬਾਲ ਦੇ ਜਨਮ ਦੇ ਨਾਲ ਹੀ ਪੰਜਾਬੀ ਮਾਂ ਲੋਰੀਆਂ ਦੀ ਸਿਰਜਣਾ ਕਰਦੀ ਹੈ। ਮਾਂ ਦੇ ਮਮਤਾ ਭਰੇ ਥਾਪੜੇ ਅਤੇ ਲੋਰੀ ਦੀ ਮਿੱਠੀ ਸੁਰ ਨਾਲ ਬੱਚਾ ਮਾਂ ਦੀ ਗੋਦ ਵਿੱਚ ਗੂਹੜੀ ਨੀਂਦਰ ਦੇ ਹੂਟੇ ਲੈਣ ਲੱਗ ਜਾਂਦਾ ਹੈ:-
ਹੂੰ ਵੇ ਮੱਲਾ ਹੂੰ ਵੇ,
ਤੇਰੀ ਬੋਦੀ ’ਚ ਪੈਗੀ ਜੂੰ ਵੇ
ਇਕ ਮੈਂ ਕੱਢਾਂ ਇਕ ਤੂੰ ਵੇ
ਕੱਢਣ ਵਾਲਾ ਕੀ ਕਰੇ
ਕੁਪੱਤਾ ਵੀਰਾ ਤੂੰ ਵੇ
ਬਾਲਪਨ ਦੇ ਆਪਣੇ ਗੀਤ ਨੇ। ਬੱਚੇ ਖੇਡਾਂ ਖੇਡਦੇ ਹੋਏ ਅਨੇਕਾਂ ਗੀਤ ਗਾਉਂਦੇ ਹਨ। ਪੁੱਗਣ ਸਮੇਂ ਇਹ ਗੀਤ ਗਾਇਆ ਜਾਂਦਾ ਹੈ:-
58/ਪੰਜਾਬੀ ਸਭਿਆਚਾਰ ਦੀ ਆਰਸੀ