ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਈਂਗਣ ਮੀਂਗਣ ਤਲੀ ਤਲੀਂਗਣ
ਕਾਲਾ ਪੀਲਾ ਡੱਕਰਾ
ਗੁੜ ਖਾਵਾਂ ਵੇਲ ਵਧਾਵਾਂ
ਮੂਲੀ ਪੱਤਰਾਂ
ਪੱਤਰਾਂ ਵਾਲੇ ਘੋੜੇ ਆਏ
ਹੱਥ ਕੁਤਾੜੀ ਪੈਰ ਕੁਤਾੜੀ
ਨਿਕਲ ਬਾਲਿਆ ਤੇਰੀ ਬਾਰੀ

ਸਕੂਲਾਂ ਵਿੱਚ ਪੜ੍ਹਦੇ ਬੱਚੇ ਫੱਟੀਆਂ ਸੁਕਾਉਂਦੇ ਹੋਏ ਗਾਉਂਦੇ ਹਨ :

ਸੂਰਜਾ ਸੂਰਜਾ ਫੱਟੀ ਸੁਕਾ
ਨਹੀਂ ਸੁਕਾਉਣੀ ਗੰਗਾ ਜਾ
ਗੰਗਾ ਜਾ ਕੇ ਪਿੰਨੀਆਂ ਲਿਆ
ਇੱਕ ਪਿੰਨੀ ਫੁਟਗੀ
ਮੇਰੀ ਫੱਟੀ ਸੁੱਕ ਗੀ

ਨਿੱਕੀਆਂ ਬੱਚੀਆਂ ਥਾਲ ਤੇ ਕਿੱਕਲੀ ਪਾਉਂਦੀਆਂ ਹੋਈਆਂ ਗੀਤਾਂ ਦੀ ਝੜੀ ਲਾ ਦਿੰਦੀਆਂ ਹਨ: ਇੱਕ ਕਿਕਲੀ ਦਾ ਗੀਤ ਹੈ:-

ਅੰਬੇ ਨੀ ਮਾਏਂ ਅੰਬੇ
ਮੇਰੇ ਸਤ ਭਰਾ ਮੰਗੇ
ਮੇਰਾ ਇੱਕ ਭਰਾ ਕੁਆਰਾ
ਉਹ ਚੌਪਟ ਖੇਡਣ ਵਾਲਾ
ਚੌਪਟ ਕਿੱਥੇ ਖੇਡੇ
ਲਾਹੌਰ ਸ਼ਹਿਰ ਖੇਡੇ
ਲਾਹੌਰ ਸ਼ਹਿਰ ਖੇਡੇ
ਲਾਹੌਰ ਸ਼ਹਿਰ ਉੱਚਾ
ਮੈਂ ਮਨ ਪਕਾਇਆ ਸੁੱਚਾ
ਮੇਰੇ ਮਨ ਨੂੰ ਲੱਗੇ ਮੋਤੀ
ਮੈਂ ਗਲੀਆਂ ਵਿੱਚ ਖਲੋਤੀ
ਮੈਂ ਬੜੇ ਬਾਬੇ ਦੀ ਪੋਤੀ

ਪੰਜਾਬੀ ਲੋਕ ਗੀਤਾਂ ਦੇ ਅਧਿਐਨ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਮੁਟਿਆਰ ਨੇ ਸਭ ਤੋਂ ਵੱਧ ਗੀਤਾਂ ਦੀ ਸਿਰਜਨਾ ਕੀਤੀ ਹੈ, ਗਭਰੂਆਂ ਦਾ ਆਪਣਾ ਯੋਗਦਾਨ ਹੈ ਪਰੰਤੂ ਜੋ ਸੂਖਮਤਾ ਤੇ ਸਰਲਤਾ ਮੁਟਿਆਰਾਂ ਦੇ ਗੀਤਾਂ ਵਿੱਚ ਹੈ ਉਹ ਗਭਰੂਆਂ ਦੇ ਗੀਤਾਂ ਵਿੱਚ ਨਜ਼ਰ ਨਹੀਂ ਆਉਂਦੀ। ਲੋਕ ਗੀਤ ਕਿਸੇ ਇੱਕ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਸਮੂਹਿਕ ਰੂਪ ਵਿੱਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹੁੰਦੇ ਹਨ ਜਿਸ ਕਰਕੇ ਇਹ ਐਨੀ ਸਰਲਤਾ ਭਰਪੂਰ ਰਚਨਾ ਬਣ ਗਏ ਹਨ ਤੇ ਸਦੀਆਂ ਦਾ ਪੈਂਡਾ ਝਾਗ ਕੇ ਸਾਡੇ ਤੀਕ ਮੂੰਹੋਂ ਮੂੰਹੀਂ ਪੁੱਜੇ ਹਨ। ਇਹ ਕਿਸ ਨੇ ਰਚੇ ਤੇ ਕਦੋਂ ਰਚੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਹ ਤਾਂ ਜਨ ਸਮੂਹ ਦੀ ਆਤਮਾ ਹਨ ਜਿਸ ਵਿੱਚ ਉਹਨਾਂ ਦੀਆਂ ਗ਼ਮੀਆਂ,

59/ਪੰਜਾਬੀ ਸਭਿਆਚਾਰ ਦੀ ਆਰਸੀ