ਸ਼ੂਕਦੀ ਜਵਾਨੀ ਦਾ ਨਾਚ-ਭੰਗੜਾ
ਭੰਗੜਾ ਪੰਜਾਬੀ ਗੱਭਰੂਆਂ ਦਾ ਅਜਿਹਾ ਮਨਮੋਹਕ ਲੋਕ ਨਾਚ ਹੈ ਜਿਸ ਦੀਆਂ ਧੁੰਮਾਂ ਸਾਰੇ ਭਾਰਤ ਵਿੱਚ ਪਈਆਂ ਹੋਈਆਂ ਹਨ। ਭਾਰਤ ਤੋਂ ਬਾਹਰ ਵਸਦੇ ਪੰਜਾਬੀ ਜਦੋਂ ਕਿਸੇ ਖ਼ੁਸ਼ੀ ਦੇ ਅਵਸਰ 'ਤੇ ਇਹ ਲੋਕ ਨਾਚ ਨਚਦੇ ਹਨ ਤਾਂ ਬਦੇਸ਼ੀ ਦਰਸ਼ਕ ਇਸ ਜੋਸ਼ ਭਰਪੂਰ ਤੇ ਵਲਵਲਿਆਂ ਮੱਤੇ ਨਾਚ ਨੂੰ ਵੇਖ ਕੇ ਦੰਗ ਰਹਿ ਜਾਂਦੇ ਹਨ। ਇਹ ਨਾਚ ਵਿਸ਼ੇਸ਼ ਕਰਕੇ ਪਾਕਿਸਤਾਨੀ ਪੰਜਾਬ ਦੇ ਸ਼ੇਖੁਪੁਰਾ, ਗੁਜਰਾਤ ਅਤੇ ਸਿਆਲਕੋਟ ਦੇ ਜ਼ਿਲ੍ਹਿਆਂ ਵਿੱਚ ਨੱਚਿਆ ਜਾਂਦਾ ਸੀ। ਦੇਸ਼ ਆਜ਼ਾਦ ਹੋਣ ਤੇ ਇਸ ਇਲਾਕੇ ਦੇ ਲੋਕ ਪੂਰਬੀ ਪੰਜਾਬ ਵਿੱਚ ਆ ਗਏ ਤੇ ਨਾਲ ਹੀ ਇਹ ਨਾਚ ਵੀ ਲੈ ਆਏ। ਪੂਰਬੀ ਪੰਜਾਬ ਦੇ ਲੋਕਾਂ ਨੇ ਭੰਗੜਾ ਪੈਂਦਾ ਵੇਖਿਆ...ਇਸ ਦਾ ਅਜਿਹਾ ਪ੍ਰਭਾਵ ਪਿਆ ਕਿ ਉਹਨਾਂ ਨੇ ਇਸ ਨਾਚ ਨੂੰ ਆਪਣੀ ਦਿਲ ਤਖ਼ਤੀ 'ਤੇ ਬਿਠਾ ਲਿਆ। ਅੱਜ ਇਹ ਸਮੁੱਚੇ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ-ਨਾਚ ਬਣ ਗਿਆ ਹੈ। ਮੰਗਣੇ, ਵਿਆਹ ਅਤੇ ਲੋਹੜੀ ਦੇ ਅਵਸਰ ’ਤੇ ਆਮ ਕਰਕੇ ਭੰਗੜਾ ਪਾਇਆ ਜਾਂਦਾ ਹੈ।
ਪੱਛਮੀ ਪੰਜਾਬ ਵਿੱਚ ਵਿਸਾਖੀ ਦੇ ਅਵਸਰ ਤੇ ਆਮ ਕਰਕੇ ਭੰਗੜਾ ਪਾਇਆ ਜਾਂਦਾ ਸੀ। ਤਕਰੀਬਨ ਹਰ ਪਿੰਡ ਵਿੱਚ ਹੀ ਭੰਗੜੇ ਪੈਂਦੇ ਸਨ। ਕਿਸਾਨ ਆਪਣੀਆਂ ਸੁਨਹਿਰੀ ਕਣਕਾਂ ਨੂੰ ਵੇਖ ਕੇ ਵਜਦ ਵਿੱਚ ਆ ਜਾਂਦੇ ਸਨ...ਖ਼ੁਸ਼ੀ ਚਾਂਭੜਾਂ ਪਾਉਂਦੀ ਹੋਈ ਨੱਚ ਉੱਠਦੀ ਹੈ...ਢੋਲੀ ਜੋ ਆਮ ਕਰਕੇ ਭਰਾਈ ਹੋਇਆ ਕਰਦਾ ਸੀ...ਢੋਲ ਤੇ ਡੱਗਾ ਮਾਰਦਾ ਹੈ...ਡਗ..ਡਗ..ਡਗ..ਡਗਾ ਡਗ—ਡਗਾ ਡਗ...ਤੇ ਗੱਭਰੂ ਘਰਾਂ 'ਚੋਂ ਨਿਕਲ ਤੁਰਦੇ ਹਨ...ਢੋਲ ਦੀ ਆਵਾਜ਼ ਧੂ ਪਾਉਂਦੀ ਹੈ... ਖ਼ੁਸ਼ੀ ਵਿੱਚ ਖੀਵਾ ਹੋਇਆ ਕੋਈ ਗੱਭਰੂ ਕੰਨਾਂ 'ਤੇ ਹੱਥ ਰੱਖ ਕੇ ਹੇਕ ਲਾਉਂਦਾ ਹੈ:-
ਪਾਰ ਝਨਾਉਂ ਦਿਸਦਾ ਈ ਬੇਲਾ
ਦਬ ਕੇ ਡੱਗਾ ਮਾਰ ਓ ਸ਼ੇਖਾ
ਦੁਨੀਆਂ ਝਟ ਦਾ ਮੇਲਾ
ਪਿੰਡ ਦੀ ਮੋਕਲੀ ਜਿਹੀ ਸੱਥ ਵਿੱਚ ਖੜੋਤਾ ਢੋਲੀ ਡੱਗੇ ਤੇ ਡੱਗਾ ਮਾਰਦਾ ਹੈ ਤੇ ਗੱਭਰੂ ਉਸ ਦੇ ਦੁਆਲੇ ਇੱਕ ਘੇਰਾ ਵਲ ਲੈਂਦੇ ਹਨ...ਡੱਗੇ ਦੀ ਮਿੱਠੀ ਮਿੱਠੀ ਤਾਲ ਹੌਲੇ ਹੌਲੇ ਤੇਜ਼ ਹੋਈ ਜਾਂਦੀ ਹੈ ਤੇ ਨਾਚ ਆਰੰਭ ਹੋ ਜਾਂਦਾ ਹੈ। ਗੱਭਰੂ ਮਸਤੀ ਵਿੱਚ ਆ ਕੇ ਗੋਲ ਦਾਇਰੇ ਵਿੱਚ, ਹੌਲੀ-ਹੌਲੀ, ਝੂਮਦੇ ਹੋਏ ਢੋਲ ਦੇ ਡੱਗੇ ਨਾਲ ਤਾਲ ਮਲਾਂਦੇ, ਆਪਣੇ ਪੈਰਾਂ ਅਤੇ ਹੱਥਾਂ ਨੂੰ ਹਲਾਉਂਦੇ, ਸਰੀਰਾਂ ਨੂੰ ਲਚਕਾਉਂਦੇ, ਮੋਢੇ ਮਾਰਦੇ ਅਤੇ ਹਈ ਸ਼ਾਂ ਦੇ ਬੋਲ ਬੋਲਦੇ ਹੋਏ ਨੱਚਦੇ ਹਨ। ਨਾਚ ਤੇਜ਼ੀ ਫੜਦਾ ਹੈ। ਗੱਭਰੂ ਮਸਤੀ ਵਿੱਚ ਝੂਮਦੇ ਹੋਏ ਢੋਲੀ ਦੀ ਤਾਲ ਤੇ ਕਈ ਪ੍ਰਕਾਰ ਦੀਆਂ ਸਰੀਰਕ ਹਰਕਤਾਂ ਕਰਦੇ ਹਨ। ਕਦੀ ਦਾਇਰੇ 'ਚੋਂ ਬਾਹਰ ਨਿਕਲ ਕੇ ਜੋਟੇ ਬਣਾਕੇ ਪੈਰਾਂ ਭਾਰ ਬੈਠਦੇ ਹੋਏ ਅੱਗੇ-ਪਿੱਛੇ ਨੱਚਦੇ ਹਨ.ਕੋਈ ਕੀਮਾ ਮਲਕੀ ਦਾ ਸਾਂਗ
70/ਪੰਜਾਬੀ ਸਭਿਆਚਾਰ ਦੀ ਆਰਸੀ