ਲੱਲ੍ਹਿਆਂ ਵਿੱਚ ਉਹ ਆਪਣੇ ਖੂੰਡਿਆਂ ਦੇ ਬਲ ਰੱਖ ਕੇ ਖੜੋ ਜਾਂਦੇ। ਦਾਈ ਵਾਲਾ ਲੀਰਾਂ ਦੀ ਬਣੀ ਖੁੱਦੋ ਨੂੰ ਨੱਸ ਕੇ ਫੜਦਾ ਤੇ ਨੇੜੇ ਦੇ ਖਿਡਾਰੀ ਦੇ ਜ਼ੋਰ ਨਾਲ ਮਾਰਦਾ। ਜੇਕਰ ਕਿਸੇ ਖਿਡਾਰੀ ਨੂੰ ਖੁੱਦੋ ਛੂਹ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਖੂੰਡਾ ਅਤੇ ਲੱਲ੍ਹਾ ਪਹਿਲੇ ਦਾਈ ਵਾਲੇ ਨੂੰ ਫੜਾ ਦੇ ਦਾਈ ਦਿੰਦਾ। ਇਸ ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲ੍ਹੇ ਛਡ ਕੇ ਖੁਦ ਨੂੰ ਦੂਰ ਸੁੱਟਣ ਲਈ ਟੱਲੇ ਮਾਰਦੇ। ਦਾਈ ਵਾਲਾ ਕਦੀ ਲੱਲ੍ਹਿਆਂ ਵੱਲ ਭੱਜਦਾ, ਕਦੀ ਖੁੱਦੋ ਮਗਰ ਦੌੜਦਾ ਜੇਕਰ ਉਹ ਕਿਸੇ ਖ਼ਾਲੀ ਲੱਲ੍ਹੇ ਵਿੱਚ ਪੈਰ ਪਾ ਦੇਂਦਾ ਤਾਂ ਲੱਲ੍ਹੇ ਵਾਲੇ ਦੇ ਸਿਰ ਦਾਈ ਆ ਜਾਂਦੀ ਤੇ ਉਹ ਉਸ ਦਾ ਖੂੰਡਾ ਫੜ ਕੇ ਖੇਡਣ ਲੱਗ ਜਾਂਦਾ।
ਡੰਡਾ ਡੁਕ, ਡੰਡ ਪਲਾਂਘੜਾ ਜਾਂ ਪੀਲ ਪਲੀਂਘਣ ਨਾਂ ਦੀ ਖੇਡ ਬੜੀ ਰੌਚਕ ਹੈ। ਗਰਮੀਆਂ ਦੀ ਰੁੱਤੇ ਦੁਪਹਿਰ ਸਮੇਂ ਇਹ ਖੇਡ ਆਮ ਤੌਰ 'ਤੇ ਪਿੱਪਲਾਂ ਬਰੋਟਿਆਂ ਦੇ ਦਰੱਖ਼ਤਾਂ ਉੱਤੇ ਖੇਡੀ ਜਾਂਦੀ ਹੈ। ਖਿਡਾਰੀ ਦਰੱਖ਼ਤ ਉੱਤੇ ਚੜ੍ਹ ਜਾਂਦੇ, ਪੁੱਗ ਕੇ ਬਣਿਆ ਦਾਈ ਵਾਲਾ ਦਾਈ ਦੇਂਦਾ। ਦਰੱਖ਼ਤ ਦੇ ਥੱਲੇ ਇਕ ਗੋਲ ਚੱਕਰ ਵਿੱਚ ਡੇਢ-ਦੋ ਫੁੱਟ ਦਾ ਡੰਡਾ ਰੱਖਿਆ ਜਾਂਦਾ। ਦਰੱਖ਼ਤ ’ਤੇ ਚੜ੍ਹੇ ਖਿਡਾਰੀਆਂ ਵਿੱਚੋਂ ਇੱਕ ਜਣਾ ਥੱਲੇ ਉੱਤਰ ਕੇ, ਦਾਇਰੇ ਵਿੱਚੋਂ ਡੰਡਾ ਚੁੱਕ ਕੇ ਆਪਣੀ ਖੱਬੀ ਲੱਤ ਥੱਲਿਓਂ ਘੁਮਾ ਕੇ ਦੂਰ ਸੁੱਟ ਕੇ ਦਰੱਖਤ ਉੱਤੇ ਚੜ੍ਹ ਜਾਂਦਾ ਤੇ ਖੇਡ ਸ਼ੁਰੂ ਹੋ ਜਾਂਦੀ। ਦਾਈ ਵਾਲਾ ਡੰਡੇ ਨੂੰ ਚੁੱਕ ਕੇ, ਦਾਇਰੇ ਵਿੱਚ ਡੰਡਾ ਦੁਬਾਰਾ ਰੱਖ ਕੇ ਦੂਜੇ ਖਿਡਾਰੀਆਂ ਨੂੰ ਛੂਹਣ ਲਈ ਦਰੱਖ਼ਤ ’ਤੇ ਚੜ੍ਹਦਾ ਤੇ ਦੂਜੇ ਖਿਡਾਰੀ ਦਰੱਖ਼ਤ ਦੀਆਂ ਟਾਹਣੀਆਂ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਤੇ ਨਸ ਕੇ ਡੰਡਾ ਚੁੱਕ ਕੇ ਚੁੰਮਦੇ। ਜਿਸ ਖਿਡਾਰੀ ਨੂੰ ਦਾਈ ਵਾਲਾ, ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਂਦਾ ਉਸ ਦੇ ਸਿਰ ਦਾਈ ਆ ਜਾਂਦੀ। ਇਸ ਪ੍ਰਕਾਰ ਇਹ ਖੇਡ ਪਹਿਲਾਂ ਵਾਂਗ ਹੀ ਚਾਲੂ ਰਹਿੰਦੀ।
ਗੁੱਲੀ ਡੰਡਾ, ਨੂਣ ਮਿਆਣੀ, ਸ਼ਕਰ ਭੁਰਜੀ, ਟਿਬਲਾ ਟਿਬਲੀ ਆਦਿ ਗੱਭਰੂਆਂ ਦੀਆਂ ਬੜੀਆਂ ਰੋਚਕ ਖੇਡਾਂ ਹਨ।
ਬਾਰਾਂ ਬੀਕਰੀ, ਬਾਰਾਂ ਟਾਹਣੀ, ਸ਼ਤਰੰਜ, ਚੌਪੜ, ਤਾਸ਼, ਬੋੜਾ ਖੂਹ ਅਤੇ ਖੱਡਾ ਆਦਿ ਬੈਠ ਕੇ ਖੇਡਣ ਵਾਲੀਆਂ ਖੇਡਾਂ ਹਨ ਜਿਨ੍ਹਾਂ ਨੂੰ ਸਾਡੇ ਵੱਡੇ ਵਡੇਰੇ ਬੜੇ ਉਤਸ਼ਾਹ ਨਾਲ ਖੇਡਿਆ ਕਰਦੇ ਸਨ।
ਇਹ ਖੇਡਾਂ ਸਾਡੇ ਲੋਕ ਜੀਵਨ ਵਿੱਚੋਂ ਗੁਆਚ ਰਹੀਆਂ ਹਨ। ਹੁਣ ਪਿੰਡਾਂ ਵਿੱਚ ਉਹ ਜੂਹਾਂ ਰਹੀਆਂ ਹਨ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ ਤੇ ਨਾ ਹੀ ਹੁਣ ਕਿਸੇ ਕੋਲ ਖੇਡਣ ਲਈ ਵਿਹਲ ਹੈ। ਬਸ ਖੇਡਾਂ ਦੇ ਨਾਂ ਹੀ ਚੇਤੇ ਰਹਿ ਗਏ ਹਨ-ਪੰਜਾਬੀ ਅਖਾਣ ਹੈ-ਖੇਡਾਂ ਤੇ ਮਾਵਾਂ ਮੁਕਣ ਤੇ ਹੀ ਚੇਤੇ ਆਉਂਦੀਆਂ ਹਨ। ਇਹ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਹਨਾਂ ਦੀ ਸੰਭਾਲ ਅਤਿਅੰਤ ਜ਼ਰੂਰੀ ਹੈ। ਇਹਨਾਂ ਦਾ ਸਭਿਆਚਾਰਕ ਦ੍ਰਿਸ਼ਟੀ ਤੋਂ ਅਧਿਐਨ ਇੱਕ ਅਤਿਅੰਤ ਮਹੱਤਵਪੂਰਨ ਵਿਸ਼ਾ ਹੈ ਜੋ ਸਾਨੂੰ ਆਪਣੀ ਬਲਵਾਨ ਵਿਰਾਸਤ ਨਾਲ ਜੋੜਦਾ ਹੈ।
90/ਪੰਜਾਬੀ ਸਭਿਆਚਾਰ ਦੀਆਰਥੀ