ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੪
ਦੀਆਂ ਤਹਿਆਂ ਵਿਚ ਸੋਨਾ ਵੀ ਪਰਾਪਤ ਹੁੰਦਾ ਹੈ, ਪਰ ਥੋੜੀ ਮਿਕਦਾਰ ਵਿਚ। ਪੀਰ ਪੰਜਾਲ ਦੇ ਪਹਾੜਾਂ ਵਿਚ ਸੁਰਮਾ ਮਿਲਦਾ ਹੈ।

ਪੌਣ ਪਾਣੀ

ਪੰਜਾਬ ਵਿਚ ਹਦ ਦਰਜੇ ਦੀ ਗਰਮੀ ਤੇ ਸਰਦੀ ਪੈਂਦੀ ਹੈ। ਹਿਮਾਲਾ ਦੇ ਦਖਣੀ ਪੈਰਾਂ ਦੇ ਨਾਲ ਨਾਲ ਅਤੇ ਦਖਣੀ ਅਤੇ ਦਖਣ-ਪਛਮੀ ਇਲਾਕੇ ਵਿਚ ਮੌਸਮੀ ਹਵਾਵਾਂ ਚਲਦੀਆਂ ਤੇ ਬੜੇ ਜ਼ੋਰ ਦੇ ਮੀਂਹ ਪੈਂਦੇ ਹਨ। ਜਿਹੜੇ ਅਸਥਾਨ ਪਹਾੜਾਂ ਅਤੇ ਸਮੁੰਦਰਾਂ ਤੋਂ ਦੂਰ ਦੁਰਾਡੇ ਹਨ ਉਹਨਾਂ ਥਾਵਾਂ ਉਤੇ ਗਰਮੀ ਬਹੁਤ ਪੈਂਦੀ ਤੇ ਵਰਖਾ ਬਹੁਤ ਘਟ ਹੁੰਦੀ ਹੈ। ਹਿਮਾਲਾ ਦੇ ਨਾਲ ਲਗਦੇ ਇਲਾਕਿਆਂ ਵਿਚ ਸਾਲ ਅੰਦਰ ੭੦ ਤੋਂ ੧੨੦ ਇੰਚ ਤੀਕ ਵਰਖਾ ਹੁੰਦੀ ਹੈ; ਸਿਆਲਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਬਾਲੇ ਦੇ ਪ੍ਰਬਤੀ ਇਲਾਕੇ ਵਿਚ ਜੋ ਪਹਾੜਾਂ ਦੇ ਪੈਰਾਂ ਵਿਚ ਵਾਕਿਆ ਹਨ ੩੦ ਤੋਂ ੪੦ ਇੰਚ ਬਾਰਸ਼ ਹੁੰਦੀ ਹੈ। ਇਸੇ ਤਰਾਂ ਪੂਰਬੀ ਮੈਦਾਨਾਂ ਵਿਚ ੧੪ ਤੋਂ ੨੦ ਇੰਚ; ਉੱਤਰ-ਕੇਂਦਰੀ ਜ਼ਿਲਿਆਂ ਵਿਚ ੨੦ ਤੋਂ ੨੬ ਇੰਚ ਅਤੇ ਪੱਛਮੀ ਮੈਦਾਨਾਂ ਵਿਚ ੫ ਤੋਂ ੧੧ ਇੰਚ ਵਰਖਾ ਹੁੰਦੀ ਹੈ।

ਰੁੱਤਾਂ

ਬਰਸਾਤ ਦੀ ਰੁੱਤ ਅਧ ਜੂਨ ਤੋਂ ਸਤੰਬਰ ਦੇ ਅੰਤ ਤੀਕ ਰਹਿੰਦੀ ਹੈ। ਪੱਤਝੜ ਅਤੇ ਬਹਾਰ ਰੁੱਤ ਦੀਆਂ ਫਸਲਾਂ ਦਾ ਨਿਰਭਰ ਇਹਨਾਂ ਬਾਰਸ਼ਾਂ ਉਤੇ ਹੀ ਹੈ। ਬਹਾਰ ਰੁੱਤ ਦੀ ਫਸਲ ਬਹੁਤੀ ਜਨਵਰੀ ਵਿਚਲੀ ਸਰਦੀਆਂ ਦੀ ਵਰਖਾ ਉਤੇ ਨਿਰਭਰ ਹੈ। ਅਸਲ ਗਰਮੀ ਦੀ ਰੁੱਤ ਅਪਰੈਲ ਵਿਚ ਅਰੰਭ ਹੁੰਦੀ ਹੈ। ਗਰਮੀਆਂ ਵਿਚ ਬੜੀ ਸਖ਼ਤ ਗਰਮੀ ਪੈਂਦੀ, ਲੂਹ ਦੇਣ ਵਾਲੀਆ ਲੂਆਂ ਚਲਦੀਆਂ, ਧਰਤੀ ਤਪਦੀ, ਹਰਿਆਵਲ ਮੁਕ ਜਾਂਦੀ ਅਤੇ ਬਹੁਤੇ ਦਰਖਤ ਪੱਤਿਆਂ ਤੋਂ ਖਾਲੀ ਹੋ ਜਾਂਦੇ ਹਨ। ਅਤਿਅੰਤ ਦੱਖਣ ਪੱਛਮ ਵਲੇ ਮੁਲਤਾਨ ਵਿਚ ਐਨੀ ਗਰਮੀ ਪੈਂਦੀ ਹੈ ਕਿ ਅਖੌਤ ਬਣ ਗਈ ਹੈ। ਲਾਹੌਰ ਦੇ ਅਸਥਾਨ ਉਤੇ ਠੰਢ ਪੁਚਾਉ ਜਤਨਾਂ ਦੇ ਬਾਵਜੂਦ ਤੰਬੂ ਵਿਚ ਥਰਮਾਮੀਟਰ ੧੧੨ ਡਿਗਰੀ ਤੇ ਸੀ। ਬਰਨ ਨੂੰ ਅਰਬੀ ਮਾਰੂ ਥਲ ਦੀ ਗਰਮੀ ਦਾ ਜ਼ਾਤੀ ਤਜਰਬਾ ਸੀ, ਉਹ ਵੀ ਲਾਹੌਰ ਅਤੇ ਕਸ਼ਮੀਰ ਵਿਚਾਲੇ ਦੇ ਪੌਣ ਪਾਣੀ ਨੂੰ ਇਸ ਮੌਸਮ ਵਿਚ ਬਹੁਤ ਹੀ ਦੁਖਦਾਈ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ ਸਵੇਰ ਤੋਂ ਸ਼ਾਮ ਤੀਕ ਮੈਨੂੰ ਗਰਮੀ ਐਨੀਂ ਸਤਾਉਂਦੀ ਰਹਿੰਦੀ ਕਿ ਮਰ ਜਾਣ ਦਾ ਖਤਰਾ ਲਗਾ ਰਹਿੰਦਾ ਹੈ। ਉਸ ਦੇ ਕਈ ਸਾਥੀ ਤੇ ਸੱਚ ਮੁੱਚ ਹੀ ਭਾਵੇਂ ਹੀ ਗਰਮੀ ਦੇ ਕਾਰਨ ਚਲਾਣਾ ਕਰ ਗਏ। ਬਹਾਵਲਪੁਰ ਤੇ ਬਲੋਚਿਸਤਾਨ ਦੇ ਮਾਰੂ ਥਲਾਂ ਵਿਚ ਇਕ ਪ੍ਰਕਾਰ ਦੀ ਸਖਤ ਲੂ ਚਲਦੀ ਹੈ ਜੋ ਬਹੁਤ ਕਰ ਕੇ ਸੈਲਾਨੀਆਂ ਲਈ ਮਾਰੂ ਸਾਬਤ ਹੁੰਦੀ ਹੈ ਸਗੋਂ ਉਹ ਵਸਨੀਕ ਵੀ ਨਹੀਂ ਬਚ ਸਕਦੇ ਜਿਨਾਂ ਨੂੰ ਕਿਸੇ ਕਾਰਨ-ਵਸ ਇਸ ਲੂ ਵਿਚ ਬਾਹਰ ਨਿਕਲਣਾ ਪੈ ਜਾਏ। ਗਰਮੀ ਦੀ ਰੁਤ ਦੀ ਅਤਿਅੰਤ ਗਰਮੀ ਸਤੰਬਰ ਦੇ ਅੱਧ ਵਿਚ ਜਾ ਕੇ ਕੁਛ ਨਰਮ ਹੋਣੀ ਸ਼ੁਰੂ ਹੁੰਦੀ ਹੈ ਅਤੇ ਅਕਤੂਬਰ ਦੇ ਆਰੰਭ ਵਿਚ ਜਾ ਕੇ ਕੁਝ ਕੁਝ ਮੌਸਮ ਬਦਲਦਾ ਅਤੇ ਰਾਤਾਂ ਕੁਝ ਕੁਝ ਠੰਢੀਆਂ ਹੁੰਦੀਆਂ ਹਨ; ਭਾਵੇਂ ਦਿਨੇ ਕਾਫੀ ਗਰਮੀ ਪੈਂਦੀ ਹੈ। ਜੂਨ ਦੇ ਮਹੀਨੇ ਜਦ ਕਿ ਸਖਤ ਗਰਮੀ ਪੈ ਰਹੀ ਹੁੰਦੀ ਹੈ ਕਾਲੇ ਕਾਲੇ ਬਦਲਾਂ ਦੀਆਂ ਘਨਘੋਰ ਘਟਾਵਾਂ ਆਕਾਸ਼ ਤੇ ਘਰ ਜਾਂਦੀਆਂ ਅਤੇ ਦਖਣ ਪੱਛਮੀ ਬਰਸਾਤੀ ਹਵਾਵਾਂ ਦੇ ਕਾਰਨ ਛਜੀਂ ਖਾਰੀਂ ਮੀਂਹ ਸ਼ੁਰੂ ਹੋ ਜਾਂਦਾ ਹੈ। ਬੱਦਲ ਗਜਦੇ, ਬਿਜਲੀ ਲਿਸ਼ਕਦੀ ਹੈ ਅਤੇ ਨਾਲ ਤੇਜ਼ ਹਵਾਈ ਤੂਫਾਨ ਸ਼ੁਰੂ ਹੋ ਜਾਂਦੇ ਹਨ; ਏਸ ਹਵਾਈ ਤੂਫਾਨ ਦੇ ਮਗਰੇ ਮਗਰ ਮੋਹਲੇਧਾਰ ਮੀਂਹ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਕਾਰਨ ਰੁੱਤ ਵਿਚ ਠੰਡਕ

ਆ ਜਾਂਦੀ ਅਤੇ ਮੈਦਾਨਾਂ ਵਿਚ ਹਰਿਆਲੀ ਫੈਲ ਜਾਂਦੀ ਹੈ। ਇਹ ਸੁਹਾਵਣੀ ਬਰਸਾਤ ਦੀ ਬੂੰਦਾ ਬਾਂਦੀ ਤਿੰਨ ਮਹੀਨੇ ਤੀਕ ਜਾਰੀ ਰਹਿੰਦੀ ਹੈ। ਇਥੋਂ ਦੀਆਂ ਸਰਦੀਆਂ, ਜਿਸ ਨੂੰ ਅੰਗਰੇਜ਼ ਵੀ ਅਨੁਭਵ ਕਰਦੇ ਹਨ, ਮਾਰਚ ਦੇ ਅੰਤ ਤੀਕ ਜਾਰੀ ਰਹਿੰਦੀਆਂ ਹਨ। ਜਨਵਰੀ ਦੇ ਆਰੰਭ ਵਿਚ ਰੁਤ ਸਰਦ ਹੋ ਜਾਂਦੀ ਹੈ, ਕੋਹਰਾ ਆਮ ਹੁੰਦਾ ਹੈ ਅਤੇ ਜਿਹੜਾ ਪਾਣੀ ਰਾਤ ਨੂੰ ਬਾਹਰ ਰਹਿ ਜਾਏ ਉਹ ਜੰਮ ਜਾਂਦਾ ਹੈ। ਇਹੋ ਦਸ਼ਾ ਸਾਰੇ ਸੂਬੇ ਦੀ ਹੈ।

ਕੁਦਰਤੀ ਪੈਦਾਵਾਰ

ਸਵਾਏ ਪਹਾੜੀਆਂ ਦੇ, ਪੰਜਾਬ ਵਿਚ ਬਨਾਸਪਤੀ ਬਹੁਤ ਹੀ ਥੋੜੀ ਹੈ। ਮੈਦਾਨੀ ਇਲਾਕੇ ਵਿਚ ਕੋਈ ਕੁਦਰਤੀ ਜੰਗਲ ਨਹੀਂ ਧਰਤੀ ਦੇ ਵਿਸ਼ਾਲ ਟੁਕੜੇ ਘਾਹ ਬੂਟ ਤੇ ਝਾੜੀਆਂ ਨਾਲ ਭਰੇ ਪਏ ਹਨ ਪਰ ਬਹੁਤੀਆਂ ਕਿਕਰਾਂ ਹੀ ਹਨ | ਇਥੋਂ ਤੀਕ ਕਿ ਖਜੂਰ ਦੇ ਦਰਖਤ ਤੇ ਝਾੜੀਆਂ ਹੀ ਬਦੇਸੀ ਹੀ ਹਨ ਜੋ ਖਿਲਾਫਤ ਦੇ ਸਮੇਂ ਸਿੰਧ ਦੇ ਮੁਸਲਮਾਨ ਹਮਲਾ ਆਵਰਾਂ ਨੇ ਇਥੇ ਲਿਆ ਕੇ ਲਾਏ। ਜੰਗਲੀ ਖਜੂਰ ਜੋ ਕੋਈ ਫਲ ਨਹੀਂ ਦੇਂਦੀ ਅਤੇ ਪੀਲੂ ਜੋ ਫਲ ਦੇਂਦਾ ਹੈ ਤੇ ਜੋ ਬਾਰ ਦੇ ਜੰਗਲਾਂ ਦੇ ਵਸਨੀਕ ਖਾਂਦੇ ਹਨ ਰੇਤਲੇ ਇਲਾਕਿਆਂ ਵਿਚ ਬੇਹਿਸਾਬ ਹੁੰਦੇ ਹਨ। ਤੂਤ, ਪਿਪਲ ਅਤੇ ਕੇਲੇ ਦੀਆਂ ਵੀ ਕਈ ਕਿਸਮਾਂ ਹਨ। ਅੰਬ ਦੇ ਬੂਟੇ ਦਖਣ ਪੂਰਬੀ ਪੰਜਾਬ ਵਿਚ ਬੇਓੜਕ ਹੁੰਦੇ ਹਨ। ਮੁਲਤਾਨ ਤੇ ਹੁਸ਼ਿਆਰਪੁਰ ਵਿਚ ਤੇ ਇਹਨਾਂ ਦਾ ਕੋਈ ਹਦ ਹਿਸਾਬ ਨਹੀਂ ਰਹਿੰਦਾ। ਪਿੰਡਾਂ ਦੇ ਇਰਦ ਗਿਰਦ ਤੇ ਸ਼ਹਿਰਾਂ ਦੇ ਆਸ ਪਾਸ ਦਰਖਤਾਂ ਦੇ ਝੁੰਡਾਂ ਦੇ ਝੁੰਡ ਨਜ਼ਰ ਆਉਂਦੇ ਹਨ। ਕਿੱਕਰ ਅਤੇ ਟਾਹਲੀ ਜਿਸ ਨੂੰ ਪੂਰਬੀ ਪੰਜਾਬ ਵਿਚ ਸੀਸੂ ਯਾ ਸ਼ੀਸ਼ਮ ਵੀ ਆਖਦੇ ਹਨ ਬਹੁਤ ਕਰ ਕੇ ਇਮਾਰਤੀ ਕੰਮ ਵਿਚ ਵਰਤੀ ਜਾਂਦੀ ਹੈ। ਨਿੰਮ, ਤੁਲਸੀ, ਸਦਾਰ, ਕਰਮਲ, ਬੇਰ, ਕਰੀਰ ਅਤੇ ਜਵਾਸੀ ਦੇ ਬੂਟੇ ਬਹੁਤ ਨਜ਼ਰ ਆਉਂਦੇ ਹਨ।

ਫਲਦਾਰ ਦਰਖਤ

ਲਾਏ ਹੋਏ ਫਲਦਾਰ ਬਿਰਛ ਬੇਅੰਤ ਹਨ। ਜਿਨ੍ਹਾਂ ਵਿਚ ਨਾਰੰਗੀ, ਸੇਬ, ਨਾਸ਼ਪਾਤੀ, ਅੰਜੀਰ, ਸ਼ਹਿਤੂਤ, ਬਾਦਾਮ ਬਹੁਤ ਪ੍ਰਸਿਧ ਹਨ। ਇਹ ਫਲ ਬਹੁਤ ਕਰ ਕੇ ਉਥੋਂ ਦੇ ਵਸਨੀਕ ਹੀ ਖਾ ਜਾਂਦੇ ਹਨ। ਬਾਲਣ ਵਾਲੇ ਦਰਖਤ ਲਾਉਣ ਲਈ ਸਰਕਾਰ ਨੇ ਬਹੁਤ ਕੁਝ ਕੀਤਾ ਹੈ। ਛਾਉਣੀਆਂ, ਸਰਕਾਰੀ ਬਿਲਡਿੰਗਾਂ ਅਤੇ ਦੂਜੇ ਅਸਥਾਨਾਂ ਦੇ ਇਰਦ ਗਿਰਦ ਬਾਗ ਬਗੀਚੇ ਲਾਏ ਗਏ ਹਨ। ਸੜਕਾਂ ਅਤੇ ਨਹਿਰਾਂ ਦੇ ਕਿਨਾਰਿਆਂ ਉਤੇ ਵੀ ਛਾਂ ਦੇਣ ਵਾਲੇ ਦਰਖਤ ਲਾਏ ਗਏ ਹਨ। ਮਹਿਕਮਾ ਜੰਗਲਾਤ ਨੇ ਦਰਖਤਾਂ ਨੂੰ ਬੀਜਣ ਤੇ ਨਵੇਂ ਬੂਟਿਆਂ ਦੀ ਤਿਆਰੀ ਲਈ ਬਹੁਤ ਜਤਨ ਕੀਤਾ ਹੈ ਹਾਲਾਂਕਿ ਅੰਗਰੇਜ਼ਾਂ ਵਲੋਂ ਪੰਜਾਬ ਦੇ ਇਲਹਾਕ (ਮੇਲ) ਤੋਂ ਪਹਿਲੇ ਇਹਨਾਂ ਗੱਲਾਂ ਵਲ ਬਹੁਤ ਹੀ ਘਟ ਧਿਆਨ ਦਿਤਾ ਗਿਆ ਸੀ।


ਪਸ਼ੂ

ਸੂਬੇ ਦਾ ਪਸ਼ੂ ਧਨ ਇਸ ਦੇ ਬ੍ਰਿਛ-ਧਨ ਤੋਂ ਵੀ ਵਧੀਕ ਭਰਪੂਰ ਤੇ ਵੱਖ ਵੱਖ ਕਿਸਮਾਂ ਦਾ ਹੈ। ਹਾਥੀ ਕੁਦਰਤੀ ਹਾਲਤ ਵਿਚ ਨਹੀਂ ਮਿਲਦੇ। ਏਰੀਅਨ ਨੇ ਜਿਨਾਂ ਹਾਥੀਆਂ ਦਾ ਜ਼ਿਕਰ ਕੀਤਾ ਹੈ ਅਤੇ ਜਿਹੜੇ ਦਰਿਆ ਸਿੰਧ ਦੇ ਕਿਨਾਰੇ ਵੇਖੇ ਗਏ ਸਨ, ਮਲੂਮ ਹੁੰਦਾ ਹੈ ਉਹ ਹਿੰਦੀ ਫੌਜਾਂ ਨੇ ਓਦੋਂ ਖੁਲ੍ਹੇ ਛਡ ਦਿਤੇ ਸਨ ਜਦੋਂ ਉਹਨਾਂ ਨੂੰ ਮਕਦੂਨੀਆਂ ਦੀਆਂ ਫੌਜਾਂ ਅਗੇ ਹਾਰ ਖਾ ਕੇ ਨਸਣਾ ਪਿਆ।