ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)

ਜੰਗਲਾਂ ਵਿਚ ਅਜੇ ਵੀ ਸ਼ੇਰ ਪਾਏ ਜਾਂਦੇ ਹਨ। ਕਦੇ ਸਮਾਂ ਸੀ ਕਿ

ਬਬਰ ਸ਼ੇਰ ਵੀ ਜੰਗਲਾਂ ਵਿਚ ਆਮ ਹੁੰਦੇ ਸਨ। ਦੂਜੇ ਸ਼ਿਕਾਰੀ ਜਾਨਵਰ ਹਨ—ਚੀਤੇ, ਅਰਨੇ ਭੈਂਸੇ, ਬਗਿਆੜ, ਰਿੱਛ, ਗਿਦੜ, ਲੂਮੜ, ਭੇਡਾਂ, ਬਕਰੀਆਂ ਅਤੇ ਹੋਰ ਕਈ ਕਿਸਮ ਦੇ ਛੋਟੇ ਮੋਟੇ ਜਾਨਵਰ। ਇਹਨਾਂ ਪਸ਼ੂਆਂ ਤੋਂ ਛੁੱਟ ਏਥੇ ਨੀਲ ਗਾਂ ਅਤੇ ਬਾਰਾਂ ਸਿੰਙ ਵੀ ਹੁੰਦੇ ਹਨ। ਵੱਖ ਵੱਖ ਕਿਸਮ ਦੇ ਹਰਨ, ਬਕਰੇ, ਜੰਗਲੀ ਸੂਰ, ਗੈਂਡਾ, ਬਾਂਦਰ, ਵਡੇ ਵੱਡੇ ਆਕਾਰ ਦੇ ਫਨੀਅਰ ਸੱਪ, ਜੋ ਹਿੰਦੂਆਂ ਦੀਆਂ ਨਜ਼ਰਾਂ ਵਿਚ ਦੇਵਤੇ ਹਨ; ਅਤੇ ਕਈ ਹੋਰ ਕਿਸਮ ਦੇ ਜਾਨਵਰ ਵੀ ਪਾਏ ਜਾਂਦੇ ਹਨ। ਪਰਾਂ ਵਾਲੀ ਕਿਸਮ ਦੇ ਜਨੌਰਾਂ ਵਿਚ ਹਨ—ਤੋਤਾ,ਬਤਖ਼, ਜੰਗਲੀ ਬਤਖ਼, ਬਟੇਰੇ, ਗਿੱਧ, ਬਾਜ਼, ਸ਼ਿਕਰੇ, ਵੱਖ ਵੱਖ ਕਿਸਮ ਦੇ ਕਬੂਤਰ, ਅਨੇਕਾਂ ਰਾਜ ਹੰਸ, ਕੁਲੰਗ, ਬਗਲੇ, ਸ਼ੁਤਰ ਮੁਰਗ, ਬੁਲਬੁਲ, ਨੀਲ ਕੰਠ ਅਤੇ ਘੁੱਗੀਆਂ। ਬੁਲਬੁਲ ਦੀ ਲੋਕ ਬੜੀ ਪ੍ਰਸੰਸਾ ਕਰਦੇ ਹਨ | ਈਰਾਨ ਦੇ ਰਾਸ਼ਟਰ ਕਵੀ ਹਾਫਜ਼ ਨੇ ਵੀ ਇਸ ਦੀ ਬੜੀ ਉਪਮਾ ਕੀਤੀ ਹੈ। ਜ਼ਹਿਰੀਲੇ ਸੱਪਾਂ ਵਿਚ ਫਨੀਅਰ ਅਤੇ ਛੋਟਾ ਜਿਹਾ ਸੰਗਚੂਰ ਵੀ ਹੁੰਦਾ ਹੈ ਜਿਸ ਦੇ ਕੱਟਣ ਨਾਲ ਫੌਰਨ ਮੌਤ ਹੋ ਜਾਂਦੀ ਹੈ। ਦਰਿਆਵਾਂ ਵਿਚ ਸੰਸਾਰ ਅਤੇ ਵੱਖ ਵੱਖ ਕਿਸਮ ਦੀਆਂ ਮੱਛੀਆਂ ਬੇਅੰਤ ਹਨ। ਰੇਸ਼ਮ ਦੇ ਕੀੜਿਆਂ ਦੀ ਬੜੀ ਹੁਸ਼ਿਆਰੀ ਨਾਲ ਪਾਲਣਾ ਕੀਤੀ ਜਾਂਦੀ ਹੈ। ਸ਼ਹਿਦ ਦੀਆਂ ਮੱਖੀਆਂ ਬਥੇਰਾ ਸ਼ਹਿਦ ਤੇ ਮੋਮ ਪੈਦਾ ਕਰਦੀਆਂ ਹਨ।

ਊਠ, ਘੋੜੇ ਤੇ ਭੈਂਸਾਂ

ਗਰਮ ਦਖਣੀ ਮੈਦਾਨਾਂ ਵਿਚ ਊਠ ਬਹੁਤ ਹੁੰਦੇ ਹਨ। ਦਰਿਆਵਾਂ ਦੇ ਨਾਲ ਲਗਦੀਆਂ ਚਰਾਂਦਾਂ ਵਿਚ ਭੈਂਸਾਂ ਦੀਆਂ ਧਾੜਾਂ ਦੀਆਂ ਧਾੜਾਂ ਚਰਦੀਆਂ ਨਜ਼ਰ ਆਉਂਦੀਆਂ ਹਨ। ਉੱਤਰੀ ਇਲਾਕੇ ਵਿਚ ਵਧੀਆ ਨਸਲ ਦੇ ਘੋੜੇ ਪਾਲੇ ਜਾਂਦੇ ਹਨ। ਜਿਹੜੇ ਰਾਜੇ ਜਾਂ ਜਾਗੀਰਦਾਰ ਇਹਨਾਂ ਦੀ ਪਾਲਣਾ ਕਰਦੇ ਹਨ ਉਹ ਉਹਨਾਂ ਦੀ ਵਧੀਆ ਨਸਲ ਤੇ ਗੁਣਾਂ ਉਤੇ ਬੜਾ ਮਾਣ ਕਰਦੇ ਹਨ।

ਜ਼ਰਾਇਤੀ ਪੈਦਾਵਾਰ

ਜ਼ਰਾਇਤੀ ਪੈਦਾਵਾਰ ਵਾਲੇ ਸਰਸਬਜ਼ ਇਲਾਕਿਆਂ ਵਿਚ ਹਰ ਥਾਂ ਗੰਨਾ ਬੀਜਿਆ ਜਾਂਦਾ ਹੈ। ਨਿਚਲੇ ਦਖਣੀ ਇਲਾਕੇ ਵਿਚ ਨੀਲ ਪੈਦਾ ਹੁੰਦਾ ਹੈ। ਇਹ ਚੀਜ਼ਾਂ ਸਿੰਧ ਤੇ ਕਾਬਲ ਨੂੰ ਬਹੁਤ ਜਾਂਦੀਆਂ ਹਨ। ਕਪਾਹ ਭਾਰੀ ਪੈਮਾਨੇ ਉਤੇ ਬੀਜੀ ਜਾਂਦੀ ਅਤੇ ਬਰਾਮਦ ਕੀਤੀ ਜਾਂਦੀ ਹੈ। ਕਣਕ ਅਤੇ ਮੱਕੀ ਵਧੀਆ ਕਿਸਮ ਦੀ ਬਹੁਤ ਪੈਦਾ ਹੁੰਦੀ ਹੈ ਜੋ ਨਾ ਕੇਵਲ ਸਥਾਨਕ ਤੌਰ ਉਤੇ ਹੀ ਖਪਤ ਕੀਤੀ ਜਾਂਦੀ ਹੈ, ਸਗੋਂ ਭਾਰੀ ਮਿਕਦਾਰ ਵਿਚ ਬਾਹਰ ਵੀ ਭੇਜੀ ਜਾਂਦੀ ਹੈ। ਇਹਨਾਂ ਤੋਂ ਛੁਟ ਵਢਾਣਕ ਚਾਵਲ, ਜੌਂ, ਜਵਾਰ, ਬਾਜਰਾ, ਮਈ, ਮੂੰਗ, ਸਰਸੋਂ, ਤੋਰੀਆ, ਤਿਲ, ਵਖ ਵਖ ਕਿਸਮ ਦੇ ਚਾਰੇ, ਗਾਜਰਾਂ, ਬੀਨ, ਪਿਆਜ਼, ਤਰ, ਗਾਜਰ,ਤਰਬੂਜ਼,ਅਤੇ ਵੱਖ ੨ ਕਿਸਮ ਦੀਆਂ ਸਬਜ਼ੀਆਂ ਤੇ ਭਾਜੀਆਂ ਮੁਲਤਾਨ, ਮੁਜ਼ਫ਼ਰਗੜ੍ਹ, ਝੰਗ ਤੇ ਡੇਰਾਜਾਤ ਜ਼ਿਲਿਆਂ ਵਿਚ ਖਜੂਰਾਂ ਦੇ ਗੁੱਛਿਆਂ ਦੇ ਗੁੱਛੇ ਲਟਕਦੇ ਨਜ਼ਰ ਆਉਂਦੇ ਹਨ। ਨਹਿਰਾਂ ਰਾਹੀਂ ਵਡੇ ਪੈਮਾਨੇ ਉਤੇ ਸੰਜਾਈ ਹੁੰਦੀ ਹੈ ਅਤੇ ਖੂਹਾਂ ਵਿਚੋਂ ਪਾਣੀ ਕਢਣ ਲਈ ਹਰਟਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਹਾੜੀ ਤੇ ਸੌਣੀ ਦੀਆਂ ਫਸਲਾਂ

ਕਣਕ, ਛੋਲੇ ਅਤੇ ਜੌਂ ਦੀਆਂ ਫਸਲਾਂ ਆਮ ਕਰ ਕੇ ਮੌਸਮ ਬਹਾਰ ਵਿਚ ਅਤੇ ਬਾਜਰਾ, ਜੁਆਰ, ਧਾਨ, ਚਾਵਲ, ਕਪਾਹ ਦਾਲਾਂ, ਨੀਲ, ਅਤੇ ਗੰਨਾ ਪਤਝੜ ਵਿਚ ਹੁੰਦਾ ਹੈ। ਕਣਕ

ਦੀ ਬਹੁਤੀ ਪੈਦਾਵਾਰ ਲਾਹੌਰ ਅਮਰਿਤਸਰ, ਜਲੰਧਰ ਅਤੇ ਰਾਵਲਪਿੰਡੀ ਦੇ ਡਵੀਯਨਾਂ ਅਤੇ ਡੇਰਾਜਾਤ ਵਿਚ ਹੁੰਦੀ ਹੈ। ਕਪਾਹ ਦੀ ਕਾਸ਼ਤ ਦੇ ਵੱਡੇ ਵੱਡੇ ਰਕਬੇ ਲਾਹੌਰ, ਅੰਬਾਲਾ, ਗੁੜਗਾਉਂ, ਰਾਵਲਪਿੰਡੀ ਅਤੇ ਡੇਰਾ ਗਾਜ਼ੀ ਖ਼ਾਂ ਦੇ ਜ਼ਿਲਿਆਂ ਵਿਚ ਹਨ। ਚੀਨੀ ਪੈਦਾ ਕਰਨ ਵਾਲੇ ਵਡੇ ਵਡੇ ਜ਼ਿਲੇ ਹਨ — ਸਿਆਲਕੋਟ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ ਅਤੇ ਅੰਬਾਲਾ। ਨੀਲ ਦੀ ਕਾਸ਼ਤ ਮੁਲਤਾਨ, ਮੁਜ਼ਫਰਗੜ ਅਤੇ ਡੇਰਾ ਗਾਜ਼ੀ ਖ਼ਾਂ ਦੇ ਜ਼ਿਲਿਆਂ ਵਿਚ ਹੁੰਦੀ ਹੈ। ਅੰਬਾਲਾ, ਸ਼ਾਹ ਪੁਰ ਅਤੇ ਕਾਂਗੜੇ ਵਿਚ ਪੋਸਤ ਦੀ ਕਾਸ਼ਤ ਬਹੁਤ ਹੁੰਦੀ ਹੈ। ਚਾਹ ਸ਼ਿਮਲੇ ਅਤੇ ਕਾਂਗੜੇ ਦੇ ਪਹਾੜੀ ਇਲਾਕਿਆਂ ਵਿਚ ਹੁੰਦੀ ਹੈ।

ਬਾਗ਼ ਅਤੇ ਰੁੱਖਾਂ

ਸੰਨ ੧੮੮੨—੮੩ ਤੋਂ ਸੂਬੇ ਭਰ ਦੇ ਬਾਗ਼ ਅਤੇ ਰੱਖਾਂ ਗੌਰਮਿੰਟ ਦੇ ਸਿਧੇ ਪ੍ਰਬੰਧ ਹੇਠ ਆ ਗਈਆਂ ਹਨ ਅਤੇ ਕਮਿਸ਼ਨਰ ਆਬਾਦਕਾਰੀ ਤੇ ਜ਼ਰਾਇਤ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਕਾਇਮ ਕੀਤੀ ਗਈ ਹੈ; ਜਿਸ ਦੇ ਜ਼ਿੰਮੇ ਫਰਜ਼ ਲਾਇਆ ਗਿਆ ਹੈ ਕਿ ਉਹ ਸਰਕਾਰ ਵਲੋਂ ਤਜਰਬੇ ਕਰੇ, ਮਾਲੀਆਂ ਨੂੰ ਸਿਖਿਆ ਦੇਵੇ, ਅਤੇ ਹੈਡਕੁਆਰਟਰਜ਼ ਵਿਚ ਬਾਗ਼ਾਂ ਦੀ ਦੇਖ ਭਾਲ ਕਰੇ

ਪੰਜਾਬ ਦੇ ਜੰਗਲ

ਪੰਜਾਬ ਦੇ ਜੰਗਲ ਅਤੇ ਰੱਖਾਂ ਦਰਖਤਾਂ ਨਾਲ ਭਰੀਆਂ ਪਈਆਂ ਹਨ। ਹਜ਼ਾਰਾ, ਚੰਬਾ, ਕੁਲੂ ਅਤੇ ਬਾਸਹਿਰ ਦੇ ਉਚੇਰੇ ਹਿਮਾਲਾ ਪਰਬਤਾਂ ਦੀ ਲੜੀ ਵਿਚ ਦੇਉਦਾਰ; ਸ਼ਿਵਾਲਕ ਅਤੇ ਕਾਂਗੜੇ ਦੇ ਦੂਜੇ ਪਹਾੜੀ ਇਲਾਕਿਆਂ ਤੇ ਗੁਰਦਾਸਪੁਰ ਅਤੇ ਰਾਵਲਪਿੰਡੀ ਦੇ ਮਿਲਿਆਂ ਵਿਚ ਚੀਲ, ਅੰਬਾਲਾ ਜ਼ਿਲੇ ਦੇ ਕਾਲੇਸਰ ਅਸਥਾਨ ਉਤੇ ਸਾਲ; ਅਤੇ ਸੂਬੇ ਦਿਆਂ ਬਾਗਾਂ ਵਿਚ ਕਿੱਕਰ, ਜੰਡ, ਜਾਲ, ਫਲਾਹੀ ਕਰੀਰ, ਬੇਰ ਅਤੇ ਦਾਖ ਆਦਿਕ ਹੁੰਦੀ ਹੈ।

ਦਸਤ ਕਾਰੀਆਂ

ਪੰਜਾਬ ਦੀਆਂ ਵੱਡੀਆਂ ਵੱਡੀਆਂ ਮੰਡੀਆਂ ਹਨ—ਲਾਹੌਰ, ਅਮ੍ਰਿਤਸਰ, ਮੁਲਤਾਨ, ਅਤੇ ਦਿੱਲੀ। ਇਥੋਂ ਦੀ ਅਸਲ ਦਸਤਕਾਰੀ ਆਮ ਕਰਕੇ ਰੇਸ਼ਮ, ਦਰੀਆਂ ਅਤੇ ਉਨ ਹੈ। ਤਰਖਾਣਾ ਕੰਮ, ਲੋਹੇ ਦਾ ਕੰਮ ਅਤੇ ਅਸਲਾ ਸਾਜ਼ੀ ਨੇ ਵੀ ਬੜੀ ਤਰੱਕੀ ਕੀਤੀ ਹੈ। ਪੰਜਾਬ ਵਿਚ ਅਜੇ ਤੀਕ ਸਟੀਮ ਨਾਲ ਚਲਣ ਵਾਲੇ ਕਾਰਖਾਨੇ ਜਾਰੀ ਨਹੀਂ ਹੋਏ ਅਤੇ ਸੂਬੇ ਦੀ ਸਾਰੀ ਦਸਤਕਾਰੀ ਹੱਥਾਂ ਨਾਲ ਹੀ ਹੁੰਦੀ ਹੈ। ਪੰਜਾਬ ਜਿਨ੍ਹਾਂ ਕਾਰਖਾਨਿਆਂ ਉਤੇ ਮਾਣ ਕਰ ਸਕਦਾ ਹੈ ਉਹ ਹਨ ਇਕ ਸਿਲਕ ਫੈਕਟਰੀ ਅਤੇ ਇਕ ਸ਼ੂਗਰ ਮਿਲ, ਪਰ ਇਹ ਵੀ ਯੂਰਪੀਨ ਸੌਦਾਗਰਾਂ ਦੇ ਅਧੀਨ ਤੇ ਯੂਰਪੀਨ ਪ੍ਰਬੰਧ ਹੇਠ ਹਨ।

ਸੂਤੀ ਤੇ ਊਨੀ ਕਪੜੇ

ਪਸ਼ੌਰ ਅਤੇ ਲੁਧਿਆਣੇ ਵਿਚ ਬਹੁਤ ਵਧੀਆ ਸੂਤੀ ਕਪੜਾ ਤਿਆਰ ਹੁੰਦਾ ਹੈ। ਪਸ਼ੌਰ ਵਿਚ ਨਫੀਸ ਚਾਰਖਾਨੀ ਲੁੰਙੀਆਂ, ਰੰਗਦਾਰ ਤੇ ਤਿੱਲੇ ਦੇ ਕਿਨਾਰਿਆਂ ਵਾਲੀਆਂ, ਜੋ ਸਰਹੱਦੀ ਮੁਸਲਮਾਨ ਬਤੌਰ ਪਗੜੀ ਦੇ ਵਰਤਦੇ ਹਨ, ਤਿਆਰ ਹੁੰਦੀਆਂ ਹਨ। ਇਹਨਾਂ ਦੀ ਦੇਖਾ ਦੇਖੀ ਪੰਜਾਬ ਤੇ ਪੂਰਬ ਵਲ ਦੇ ਪਤਵੰਤੇ ਮੁਸਲਮਾਨ ਵੀ ਲੁੰਙੀਆਂ ਵਰਤਨ ਲੱਗ ਪਏ ਹਨ। ਲੁਧਿਆਣੇ ਦੇ ਵੱਖ ਵੱਖ ਕਿਸਮ