ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬ )


ਦੇ ਪਟਕੇ, ਲੁੰਗੀਆਂ, ਖੇਸੀਆਂ, ਗਬਰੂਨ, ਟਵਿਲ, ਜ਼ੀਨ,

ਕਈ ਕਿਸਮ ਦੀਆਂ ਚਿਕਾਂ ਅਤੇ ਚਿੱਟੀਆਂ ਮੋਟੀਆਂ ਦੁਤਹੀਆਂ ਤਿਆਰ ਹੁੰਦੀਆਂ ਵਟਾਲੇ ਵਿਚ ਸੂਜੀ ਤਿਆਰ ਹੁੰਦੀ ਹੈ,ਜੋ ਬਹੁਤ ਕਰਕੇ ਜ਼ਨਾਨੀਆਂ ਦੀ ਪੁਸ਼ਾਕ ਲਈ ਵਰਤੀ ਜਾਂਦੀ ਹੈ। ਝੰਗ ਦੀ ਗਹਿਰੇ ਨੀਲੇ ਤੇ ਚਿੱਟੇ ਰੰਗ ਦੀ ਚੈਕ ਅਤੇ ਦਿੱਲੀ ਦੀ ਨਫੀਸ ਮਲਮਲ ਬਹੁਤ ਪ੍ਰਸਿਧ ਹੈ। ਘਟੀ ਰਾਹੋਂ ਜ਼ਿਲਾ ਜਲੰਧਰ ਵਿਚ ਬਣਦੀ ਹੈ। ਇਹ ਬੜਾ ਨਫੀਸ, ਚਮਕੀਲਾ ਤੇ ਸੰਘਣਾ ਉਣਿਆ ਚਿੱਟਾ ਕਪੜਾ ਹੁੰਦਾ ਹੈ। ਮੁਲਤਾਨ ਵਿਚ ਨਫੀਸ ਦਰੀਆਂ ਅਤੇ ਅੰਬਾਲੇ ਦੀਆਂ ਦਰੀਆਂ ਵੀ ਬਹੁਤ ਪ੍ਰਸਿੱਧ ਹਨ।

ਸ਼ਾਲਾਂ

ਅੰਮ੍ਰਿਤਸਰ ਸ਼ਾਲਾਂ ਦਾ ਬਹੁਤ ਵੱਡਾ ਕੇਂਦਰ ਹੈ; ਭਾਵੇਂ ਇਥੋਂ ਦੀਆਂ ਸ਼ਾਲਾਂ ਓਨੀਆਂ ਵਧੀਆਂ ਨਹੀਂ ਹੁੰਦੀਆਂ ਜਿੰਨੀਆਂ ਕਿ ਕਸ਼ਮੀਰ ਦੀਆਂ। ਕਾਂਗੜੇ ਅਤੇ ਸ਼ਿਮਲੇ ਦੀਆਂ ਰਿਆਸਤਾਂ ਵਿਚ ਨਫੀਸ ਵਧੀਆ ਖਾਨੇਦਾਰ ਤੇ ਸਾਦੇ ਊਨੀ ਕੰਬਲ ਬਣਦੇ ਹਨ, ਜੋ ਬਹੁਤ ਕਰਕੇ ਰੰਗਦਾਰ ਬਾਰਡਰਾਂ (ਕਿਨਾਰਿਆਂ) ਵਾਲੇ ਹੁੰਦੇ ਹਨ! ਭੇਡਾਂ ਦੀ ਉਸ ਦੇ ਕਪੜੇ ਵੀ ਬਣਦੇ ਹਨ। ਪੱਟੂ ਇਕ ਕਿਸਮ ਦਾ ਊਨੀ ਗਰਮ ਕਪੜਾ ਹੁੰਦਾ ਹੈ। ਅਮ੍ਰਿਤਸਰ, ਸਿਆਲਕੋਟ, ਹੁਸ਼ਿਆਰਪੁਰ, ਗੁਜਰਾਂਵਾਲਾ, ਹਜ਼ਾਰਾ, ਰੋਹਤਕ, ਹਿਸਾਰ ਅਤੇ ਵਜ਼ੀਰੀ ਦੇਸ ਵਿਚ ਫੁਲਕਾਰੀਆਂ ਤਿਆਰ ਹੁੰਦੀਆਂ ਹਨ, ਜਿਨ੍ਹਾਂ ਉਤੇ ਰੇਸ਼ਮ ਤੇ ਪੱਟ ਨਾਲ ਬੇਲ ਬੂਟੇ ਕਢੇ ਹੁੰਦੇ ਹਨ। ਇਹਨਾਂ ਦੀ ਗਰਾਊਂਡ ਕਾਲੀ ਹੁੰਦੀ ਹੈ। ਇਹ ਫੁਲਕਾਰੀਆਂ ਤੀਵੀਆਂ ਉਪਰ ਲੈਂਦੀਆਂ ਹਨ। ਦਿੱਲੀ, ਲਾਹੌਰ ਅਤੇ ਅਮ੍ਰਿਤਸਰ ਦੇ ਤਿੱਲੋਂ ਦੇ ਰੰਗਦਾਰ ਸਿਲਕੀ ਕਢੇ ਹੋਏ ਕਪੜੇ ਬੜੇ ਪ੍ਰਸਿਧ ਹਨ।

ਲਕੜੀ ਦਾ ਕੰਮ

ਅੰਮ੍ਰਿਤਸਰ, ਦਿੱਲੀ, ਭੇਰਾ, ਸਿਆਲਕੋਟ, ਝੰਗ, ਸ਼ਿਮਲਾ, ਹੁਸ਼ਿਆਰਪੁਰ ਅਤੇ ਭਿਵਾਨੀ ਵਿਚ ਨਫ਼ੀਸ ਲਕੜੀ ਦਾ ਕੰਮ ਹੁੰਦਾ ਹੈ। ਇਹਨਾਂ ਸ਼ਹਿਰਾਂ ਵਿਚ ਲਕੜੀ ਦੀ ਖੁਦਾਈ ਤੇ ਨਕਸ਼ ਨਿਗਾਰ ਦਾ ਕੰਮ ਵੀ ਹੁੰਦਾ ਹੈ। ਹੁਸ਼ਿਆਰਪੁਰ ਵਿਚ ਸ਼ੀਸ਼ਮ (ਟਾਹਲੀ) ਦੀ ਲਕੜੀ ਵਿਚ ਹਾਥੀ ਦੰਦ ਤੇ ਪਿਤਲ ਜੁੜਨ ਦਾ ਕੰਮ ਬੜਾ ਮਸ਼ਹੂਰ ਹੈ ਅਤੇ ਇਸ ਦੀ ਬੜੀ ਤਜਾਰਤ ਹੁੰਦੀ ਹੈ।

ਪਿਤੱਲ ਦਾ ਕੰਮ

ਅੰਮ੍ਰਿਤਸਰ, ਪਿੰਡ ਦਾਦਨ ਖਾਂ, ਸ਼ਾਹੀਵਾਲ (ਸ਼ਾਹਪੁਰ) ਰੀਵਾੜੀ ਭਿਵਾਨੀ, ਜਗਾਧਰੀ, ਹੁਸ਼ਿਆਰਪੁਰ ਅਤੇ ਕਾਂਗੜੇ ਵਿਚ ਘਰਾਂ ਅੰਦਰ ਵਰਤੇ ਜਾਣ ਵਾਲੇ ਪਿਤਲ ਦੇ ਭਾਂਡੇ ਭਾਰੀ ਮਿਕਦਾਰ ਵਿਚ ਤਿਆਰ ਹੁੰਦੇ ਹਨ। ਕਸ਼ਮੀਰ ਦਾ ਨਈਲੋ, ਅੰਮ੍ਰਿਤਸਰ ਦਾ ਤਾਂਬੇ ਦਾ ਢਾਲਵਾਂ ਕੰਮ, ਸਿਆਲਕੋਟ ਦੇ ਚਾਕੂ ਛੁਰੀਆਂ ਤੇ ਤੋਪ ਸਾਜ਼ੀ, ਅਤੇ ਨਿਜ਼ਾਮਾਬਾਦ (ਨੇੜੇ ਵਜ਼ੀਰਾਬਾਦ) ਦੀ ਕੋਫਤ ਕਾਰੀ ਬਹੁਤ ਪ੍ਰਸਿੱਧ ਹੈ। ਸਿਆਲਕੋਟ, ਗੁਜਰਾਤ ਤੇ ਲਾਹੌਰ ਦਾ ਡੈਮਸੀ ਕੰਮ ਅਤੇ ਦਿੱਲੀ

ਦੇ ਜ਼ੇਵਰਾਂ ਦਾ ਕੰਮ ਬਹੁਤ ਨਫੀਸ ਤੇ ਪ੍ਰਸਿੱਧ ਹੈ। ਕਸ਼ਮੀਰ ਦਾ ਅਨੈਮਲ ਦਾ ਕੰਮ ਜੋ ਚਾਂਦੀ ਸੋਨੇ ਤੇ ਤਾਂਬੇ ਉਤੇ ਨੀਲੇ ਤੇ ਸਬਜ਼ ਸ਼ੇਡ ਨਾਲ ਤਿਆਰ ਹੁੰਦਾ ਹੈ, ਵਧੀਆ ਕਾਰੀਗਰੀ ਦਾ ਨਮੂਨਾ ਪੇਸ਼ ਕਰਦਾ ਹੈ। ਮੁਲਤਾਨ ਵਿਚ ਵੀ ਇਨੈਮਲ ਦਾ ਬਹੁਤ ਚੰਗਾ ਕੰਮ ਹੁੰਦਾ ਹੈ।

ਰੋਗਨੀ ਬਰਤਨ

ਪਸ਼ੌਰ ਵਿਚ ਬਣਨ ਵਾਲੇ ਮਸੌਲਿਕਾ ਕਿਸਮ ਦੇ ਮਿੱਟੀ ਦੇ ਬਰਤਨ ਉਸ ਅਸਥਾਨ ਦੀ ਸੁਗਾਤ ਹਨ। ਇਹ ਬਰਤਨ ਇਕ ਐਸੇ ਤਰੀਕੇ ਨਾਲ ਰੋਗਨ ਕੀਤੇ ਜਾਂਦੇ ਹਨ, ਜਿਸ ਦਾ ਕੇਵਲ ਇਹਨਾਂ ਬਰਤਨ ਬਨੌਣ ਵਾਲਿਆਂ ਨੂੰ ਹੀ ਪਤਾ ਹੈ। ਮੁਲਤਾਨ ਅਤੇ ਦਿੱਲੀ ਵਿਚ ਜਿਹੜੇ ਮਿੱਟੀ ਦੇ ਰੋਗ਼ਨੀ ਭਾਂਡੇ ਬਣਦੇ ਹਨ ਉਹਨਾਂ ਦਾ ਰੋਗਨ ਇਕ ਕਿਸਮ ਦੇ ਪੱਥਰ ਤੇ ਕਲੀ ਦੇ ਮੇਲ ਨਾਲ ਬਣਾਇਆ ਜਾਂਦਾ ਹੈ। ਸਖ਼ਤ ਕਿਸਮ ਦੇ ਰੋਗਨ ਅਤੇ ਟਾਇਲਾਂ ਦੇ ਪੁਖਤਾ ਸੋਹਣੇ ਸੋਹਣੇ ਰੰਗਾਂ ਦਾ ਗਿਆਨ ਕੇਵਲ ਜਾਲੰਧਰ ਦੇ ਕੁਛਕੁ ਉਨ੍ਹਾਂ ਲੋਕਾਂ ਨੂੰ ਹੀ ਹੈ ਜੋ ਉਹਨਾਂ ਕਾਰੀਗਰਾਂ ਦੇ ਵਾਰਸ ਹਨ, ਜਿਨ੍ਹਾਂ ਨੇ ਲਾਹੌਰ ਦੀ ਮਸੀਤ ਵਜ਼ੀਰ ਖਾਂ ਬਣਾਈ ਸੀ।

ਪੱਥਰ ਘਾੜੇ

ਦਿੱਲੀ ਵਿਚ ਜਿਹੜੇ ਪਥਰ ਘਾੜੇ ਹਨ, ਉਹ ਉਹਨਾਂ ਖ਼ਾਨਦਾਨਾਂ ਦੀ ਔਲਾਦ ਹਨ ਜਿਨ੍ਹਾਂ ਨੇ ੧੪ ਵੀ ਸਦੀ ਵਿਚ ਕੁਤਬ ਮੀਨਾਰ ਦੀ ਮੀਨਾਕਾਰੀ ਕੀਤੀ ਸੀ। ਰਸ਼ਮੀ ਧਾਗੇ ਜਾਂ ਤਿਲੇ ਦਾ ਕਢਿਆ ਹੋਇਆ ਚਮੜੇ ਦਾ ਕੰਮ ਪਸ਼ੌਰ, ਡੇਰਾਜਾਤ ਤੇ ਹੁਸ਼ਿਆਰਪੁਰ ਵਿਚ ਹੁੰਦਾ ਹੈ। ਸਿਆਲਕੋਟ ਵਿਚ ਕਾਗਜ਼ ਬਣਦਾ ਹੈ ਪਰ ਇਹ ਕੇਵਲ ਕਾਈ ਦੀ ਕਲਮ ਨਾਲ ਲਿਖਣ ਦੇ ਦੇਸੀ ਕੰਮਾਂ ਲਈ ਹੀ ਵਰਤਿਆ ਜਾਂਦਾ ਹੈ।

ਦਰਾਮਦ

ਇਥੋਂ ਦੀ ਵੱਡੀ ਦਰਾਮਦ ਹੈ ਬ੍ਰਿਟਿਸ਼ ਰੂੰ ਅਤੇ ਕਪੜਾ। ਬ੍ਰਿਟਿਸ਼ ਇੰਡੀਆਂ ਦੇ ਦੂਜੇ ਇਲਾਕਿਆਂ ਵਿਚੋਂ ਚੀਨੀ, ਮਸਾਲੇ ਤੇ ਹੋਰ ਖੁਰਾਕੀ ਚੀਜ਼ਾਂ, ਉਨ, ਰੂੰ ਅਤੇ ਸਿਲਕ ਦੇ ਕਪੜੇ, ਰੰਗ, ਧਾਤਾਂ, ਅਤੇ ਵੱਖ ਵੱਖ ਧਾਤਾਂ ਦੇ ਭਾਂਡੇ, ਕੀਮਤੀ ਪੱਥਰ, ਹਾਥੀ ਦੰਦ, ਸ਼ੀਸ਼ਾ, ਰੋਗਨੀ, ਬਰਤਨ ਅਤੇ ਚਾਕੂ ਛੁਰੀਆਂ ਆਦਿਕ ਦਰਾਮਦ ਕੀਤੀਆਂ ਜਾਂਦੀਆਂ ਹਨ। ਪੱਛਮੀ ਦੇਸਾਂ ਤੋਂ ਦਰਾਮਦ ਹੋਣ ਵਾਲੀਆਂ ਚੀਜ਼ਾਂ ਹਨ ਸੋਨਾ, ਚਾਂਦੀ, ਰੇਸ਼ਮ, ਨੀਲ, ਮਜੀਠ, ਗੰਦਾ ਬਰੋਜ਼ਾ, ਤਾਜ਼ੇ ਤੇ ਖ਼ੁਸ਼ਕ ਫਲ, ਕੇਸਰ, ਉਨ ਤੇ ਘੋੜੇ।

ਬਰਾਮਦਾਂ

ਬਰਾਮਦ ਹੋਣ ਵਾਲੀਆਂ ਚੀਜ਼ਾਂ ਹਨ—ਅਨਾਜ, ਘਿਓ, ਖੱਲਾਂ, ਰੇਸ਼ਮ, ਉਨ, ਦਰੀਆਂ, ਸੂਤੀ ਕਪੜਾ, ਨੀਲ, ਰੂੰ, ਤਮਾਕੂ, ਲੂਣ, ਅਤੇ ਘੋੜੇ