ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹੀਰ ਰਾਂਝਾ

“ਵੇ ਕਿਧਰੋਂ ਆ ਗਿਐਂ ਰੋਟੀਆਂ ਦੇ ਨੁਕਸ ਪਰਖਣ ਵਾਲ਼ਾਂ! ਸਾਥੋਂ ਨੀ ਨਿੱਤ ਤੇਰੇ ਨਹੋਰੇ ਝੱਲੇ ਜਾਂਦੇ। ਹਰ ਗੱਲ ਨੂੰ ਨੱਕ ਬੁਲ੍ਹ ਮਾਰਦਾ ਰਹਿਨੈ! ਕਖ ਭੰਨਕੇ ਦੂਹਰਾ ਨੀ ਕਰਦਾ ਉਤੋਂ ਆ ਜਾਂਦੈ ਧੌਂਸ ਦਖਾਉਣ। ਵੇਖ ਲਵਾਂਗੇ ਵੱਡੇ ਨਾਢੂ ਖਾਨ ਨੂੰ ਜਦੋਂ ਸਿਆਲਾਂ ਦੀ ਹੀਰ ਨੂੰ ਪਰਨਾ ਲਿਆਵੇਂਗਾ।”

ਭਾਬੀ ਦੀ ਇਸ ਬੋਲੀ ਨਾਲ਼ ਧੀਦੋ ਤੜਪ ਉੱਠਿਆ! ਰੋਟੀ ਉਸ ਪਰੇ ਵਗਾਹ ਮਾਰੀ। ਸੋਲਾਂ ਸਤਾਰਾਂ ਵਰ੍ਹੇ ਦੇ ਲਡਿਕੇ ਧੀਦੋ ਦੀ ਅਣਖ ਵੰਗਾਰ ਪਈ, “ਭਾਬੀ ਜੇ ਤੁਸੀਂ ਨਹੀਂ ਇਹੋ ਜਿਹੀਆਂ ਬੋਲੀਆਂ ਮਾਰੋਗੀਆਂ ਤਾਂ ਭਲਾ ਹੋਰ ਕਿਹੜਾ ਮਾਰੇਗਾ! ਤੁਸੀਂ ਮੇਰੇ ਨਹੋਰੇ ਪਰਖਦੀਆਂ ਓ! ਭਰਾਵਾਂ ਨੇ ਮੇਰੇ ਨਾਲ਼ ਧੋਖਾ ਕਰਕੇ ਚੰਗੀ ਭੌਂ ਆਪ ਸਾਂਭ ਲਈ ਏ ਤੇ ਮੇਰੇ ਲਈ ਕੱਲਰ ਰੱਖ ਦਿੱਤੇ। ਉਤੋਂ ਆਖਦੇ ਓ ਮੈਂ ਕੰਮ ਨਹੀਂ ਕਰਦਾ। ਤੁਸੀਂ ਅੱਜ ਹੀਰ ਦਾ ਤਾਹਨਾ ਦਿੱਤੈ, ਮੈਂ ਜੀਂਦੇ ਜੀ ਹੀਰ ਬਿਨਾਂ ਤੁਹਾਨੂੰ ਮੂੰਹ ਨਹੀਂ ਵਖਾਵਾਂਗਾ.....”

ਇਹ ਆਖ ਧੀਦੋ ਨੇ ਅੰਦਰੋਂ ਕੱਪੜਿਆਂ ਦੀ ਇਕ ਪੋਟਲੀ ਕੱਢੀ ਅਤੇ ਵੰਝਲੀ ਕੱਛੇ ਮਾਰ ਪਿੰਡੋਂ ਨਿਕਲ਼ ਟੁਰਿਆ। ਉਹ ਕਿਧਰ ਜਾ ਰਿਹਾ ਸੀ, ਉਹ ਆਪ ਨਹੀਂ ਸੀ ਜਾਣਦਾ। ਭਾਬੀਆਂ ਦੇ ਤਾਹਨੇ ਉਹਨੂੰ ਸੁਣਦੇ ਪਏ ਸਨ, ਹੀਰ ਦੀ ਧੁੰਦਲੀ ਤਸਵੀਰ ਉਹਦੇ ਮਨ ਵਿੱਚ ਉੱਕਰੀ ਜਾ ਰਹੀ ਸੀ। ਗਿੱਧੇ ਵਿੱਚ ਸੁਣੀ ਇਕ ਬੋਲੀ ਦੇ ਬੋਲ ਉਹਨੂੰ ਯਾਦ ਆਏ:

ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਸਭ ਦੀਆਂ ਨਵੀਆਂ ਪੁਸ਼ਾਕਾਂ
ਗਹਿਣੇ ਗੱਟੇ ਸਭ ਦੇ ਸੋਂਹਦੇ
ਮੈਂ ਹੀਰ ਗੋਰੀ ਵੱਲ ਝਾਕਾਂ
ਕੰਨੀ ਹੀਰ ਦੇ ਸਜਣ ਕੋਕਰੂ
ਪੈਰਾਂ ਦੇ ਵਿੱਚ ਬਾਂਕਾਂ-
ਗਿੱਧੇ ਦੀਏ ਪਰੀਏ ਨੀ
ਤੇਰੇ ਰੂਪ ਨੇ ਪਾਈਆਂ ਧਾਕਾਂ।

ਉਹ ਆਪਣੇ ਆਪ ਮੁਸਕਰਾਇਆ। "ਆਹ! ਕਿੰਨੀ ਮਨ ਮੋਹਣੀ ਹੋਵੇਗੀ ਹੀਰ ਜੀਹਦੇ ਰੂਪ ਦੀਆਂ ਧਾਕਾਂ ਸਾਰੇ ਸੰਸਾਰ ਵਿੱਚ ਪੈ ਗਈਆਂ ਨੇ! ਉਹਨੂੰ ਵੇਖਿਆਂ ਭੁਖ

ਪੰਜਾਬ ਦੇ ਲੋਕ ਨਾਇਕ/9