ਲਹਿੰਦੀ ਹੋਵੇਗੀ! ਜੇ ਕਿਤੇ ਉਹਦਾ ਦੀਦਾਰ ਹੋ ਜਾਵੇ ਤਾਂ ਬਸ!" ਉਸ ਸੋਚਿਆ ਅਤੇ ਡੂੰਘੀ ਆਹ ਭਰੀ।
ਧੀਦੋ ਅਜੇ ਛੋਟਾ ਹੀ ਸੀ ਜਦੋਂ ਉਹਦੀ ਮਾਂ ਮਰ ਗਈ! ਉਹਦਾ ਬਾਪੂ ਮੌਜੂ ਤਖ਼ਤ ਹਜ਼ਾਰੇ ਦਾ ਚੌਧਰੀ ਸੀ। ਚੰਗਾ ਖਾਂਦਾ ਪੀਂਦਾ ਘਰ ਸੀ। ਸਾਰੇ ਇਲਾਕੇ ਵਿੱਚ ਮੌਜੂ ਚੌਧਰੀ ਦੀ ਇੱਜ਼ਤ ਬਣੀ ਹੋਈ ਸੀ। ਜ਼ਾਤ ਦਾ ਉਹ ਮੁਸਲਮਾਨ ਸੀ ਤੇ ਰਾਂਝਾ ਉਨ੍ਹਾਂ ਦਾ ਗੋਤ ਸੀ। ਉਹਦੇ ਘਰ ਅੱਠ ਪੁੱਤਰ ਹੋਏ, ਧੀਦੋ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ। ਮੌਜੂ ਨੇ ਮਾਂ ਮਹਿਟਰ ਧੀਦੋ ਨੂੰ ਬੜਿਆਂ ਲਾਡਾਂ ਮਲ੍ਹਾਰਾਂ ਨਾਲ਼ ਪਾਲਿਆ। ਧੀਦੋ ਮਸਾਂ ਦਸ ਬਾਰਾਂ ਵਰ੍ਹਿਆਂ ਦਾ ਹੋਇਆ ਸੀ ਕਿ ਮੌਜੂ ਦੀ ਮੌਤ ਹੋ ਗਈ। ਮਗਰੋਂ ਉਹਦੇ ਭਰਾਵਾਂ ਨੇ ਭੌਂ ਵੰਡ ਲਈ, ਚੰਗੀ ਚੰਗੀ ਆਪ ਰੱਖ ਲਈ ਕੱਲਰ ਤੇ ਮਾਰੂ ਜ਼ਮੀਨ ਧੀਦੋ ਦੇ ਹਿੱਸੇ ਪਾ ਦਿੱਤੀ। ਲਾਡਲਾ ਤੇ ਛੈਲ ਛਬੀਲਾ ਧੀਦੋ ਭਲਾ ਕੰਮ ਕਿੱਥੋਂ ਕਰਦਾ। ਉਹ ਆਪਣੇ ਪੱਟਾਂ ਨੂੰ ਲਸ਼ਕਾਈ, ਬੋਦੇ ਵਾਹੀਂ, ਹੱਥ ਵਿੱਚ ਵੰਝਲੀ ਲਈ ਸਾਰਾ-ਸਾਰਾ ਦਿਨ ਪਿੰਡ ਦੀਆਂ ਗਲ਼ੀਆਂ ਵਿੱਚ ਫਿਰ ਤੁਰ ਛੱਡਦਾ ਜਾਂ ਸੁਹਣੀਆਂ ਤ੍ਰੀਮਤਾਂ ਨਾਲ਼ ਜਕੜਾਂ ਮਾਰ ਲੈਂਦਾ। ਜਦੋਂ ਉਹ ਘਰ ਆ ਕੇ ਰੋਟੀ ਖਾਣ ਲੱਗਦਾ ਤਾਂ ਉਹਦੀਆਂ ਭਾਬੀਆਂ ਉਹਨੂੰ ਕੰਮ ਨਾ ਕਰਨ ਕਾਰਨ ਵੱਢਣ ਖਾਣ ਨੂੰ ਪੈਂਦੀਆਂ। ਨਿੱਤ ਦਿਆਂ ਤਾਹਨਿਆਂ ਮਿਹਣਿਆਂ ਤੋਂ ਸਤਿਆ ਉਹ ਘਰੋਂ ਨਿਕਲ਼ ਟੁਰਿਆ.....
ਧੀਦੋ ਆਪਣੇ ਵਿਚਾਰਾਂ ਵਿੱਚ ਮਗਨ ਟੁਰਦਾ ਰਿਹਾ, ਟੁਰਦਾ ਰਿਹਾ! ਆਪਣੀ ਮਾਂ ਦੀ ਅਣਪਛਾਤੀ ਜਿਹੀ ਯਾਦ ਉਹਨੂੰ ਆਈ, ਉਹਦੀਆਂ ਅੱਖਾਂ ਵਿੱਚੋਂ ਮਮਤਾ ਦੇ ਅੱਥਰੂ ਵਗ ਤੁਰੇ! ਮੌਜੂ ਦੀ ਜਾਣੀ ਪਛਾਣੀ ਤਸਵੀਰ ਉਹਦੇ ਨੈਣਾਂ ਵਿੱਚ ਉੱਤਰੀ, ਉਹਦੇ ਕਲੇਜੇ ਵਿੱਚੋਂ ਰੁਗ ਭਰਿਆ ਗਿਆ। ਉਹਦੇ ਭਰਾਵਾਂ ਅਤੇ ਉਹਦੀਆਂ ਭਾਬੀਆਂ ਦੀਆਂ ਸ਼ਕਲਾਂ ਉਹਦੇ ਸਾਹਮਣੇ ਆਈਆਂ, ਉਹਨੇ ਕੌੜਾ ਘੁੱਟ ਭਰਿਆ! ਅਣਵੇਖੀ ਹੀਰ ਸਲੇਟੀ ਦਾ ਉਹਨੂੰ ਖ਼ਿਆਲ ਆਇਆ, ਉਹਦੇ ਪੈਰਾਂ ਵਿੱਚ ਹੋਰ ਤੇਜ਼ੀ ਆ ਗਈ। ਇਕ ਅਨੂਠੀ ਮੁਸਕਾਨ ਉਹਦੇ ਬੁਲ੍ਹਾਂ ਤੇ ਨੱਚ ਪਈ ਤੇ ਉਹਨੇ ਵੰਝਲੀ ਦੀਆਂ ਮਿੱਠੀਆਂ ਸੁਰਾਂ ਛੇੜ ਦਿੱਤੀਆਂ।
ਸ਼ਾਮ ਨੂੰ ਉਹ ਤਖ਼ਤ ਹਜ਼ਾਰੇ ਤੋਂ ਵੀਹ ਪੰਝੀ ਮੀਲ ਦੀ ਵਾਟ ਤੇ ਲੰਗਰ ਮਖਤੂਮ ਨਾਮੀ ਪਿੰਡ ਵਿੱਚ ਪੁੱਜ ਗਿਆ। ਇਸੇ ਪਿੰਡ ਦੀ ਮਸੀਤ ਵਿੱਚ ਉਹਨੇ ਰਾਤ ਬਤੀਤ ਕੀਤੀ।
ਕੁੱਕੜ ਨੇ ਬਾਂਗ ਦਿੱਤੀ। ਧੀਦੋ ਉੱਠਿਆ, ਮਸੀਤ ਦੀ ਖੂਹੀ ਤੋਂ ਅਸ਼ਨਾਨ ਕੀਤਾ, ਆਪਣੇ ਆਪ ਨੂੰ ਰੀਝ ਨਾਲ਼ ਸੁਆਰਿਆ ਤੇ ਝੰਗ ਸਿਆਲਾਂ ਨੂੰ ਚਾਲੇ ਪਾ ਲਏ। ਉਹਦੀ ਮੰਜ਼ਲ ਹੁਣ ਹੀਰ ਦਾ ਪਿੰਡ ਸੀ। ਉਹ ਸਿਆਲੀਂ ਜਾ ਕੇ ਕੀ ਕਰੇਗਾ? ਉਹ ਹੀਰ ਨੂੰ ਕਿਵੇਂ ਮਿਲੇਗਾ? ਇਹ ਨਹੀਂ ਸੀ ਸੋਚ ਰਿਹਾ। ਬਸ ਉਹ ਤਾਂ ਕੇਵਲ ਸਿਆਲਾਂ ਨੂੰ ਜਾ ਰਿਹਾ ਸੀ।
ਪੰਜਾਬ ਦੇ ਲੋਕ ਨਾਇਕ/10