ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
ਜੇ ਜਾਣਾ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ।
ਉਨ੍ਹਾਂ ਹੀਰ ਰਾਂਝੇ ਦੇ ਪਿਆਰ ਨੂੰ ਪਰਵਾਨ ਨਾ ਕੀਤਾ। ਰੰਗਪੁਰ ਖੇੜੇ ਦੇ ਚੌਧਰੀ ਅੱਜੂ ਦੇ ਪੁੱਤਰ ਸੈਦੇ ਨਾਲ਼ ਹੀਰ ਦਾ ਨਿਕਾਹ ਨੀਯਤ ਹੋ ਗਿਆ। ਰੰਗ ਪੁਰੋਂ ਜੰਞਂ ਬੜੇ ਵਾਜਿਆਂ ਗਾਜਿਆਂ ਨਾਲ਼ ਢੁਕੀ। ਸਾਰੇ ਪਿੰਡ ਵਿੱਚ ਬੜੀਆਂ ਖ਼ੁਸ਼ੀਆਂ ਮਨਾਈਆਂ ਗਈਆਂ। ਬੁਲਬੁਲਾਂ ਵਰਗੀਆਂ ਘੋੜੀਆਂ ਤੇ ਜਾਞੀਂ ਸਜੇ ਬੈਠੇ ਸਨ। ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜੀਂ ਭੁੱਬੀਂ ਭੁੱਬੀਂ ਰੋ ਰਿਹਾ ਸੀ। ਹੀਰ ਆਪਣੇ ਘਰ ਤੜਪ ਰਹੀ ਸੀ।
ਹੀਰ ਦਾ ਜ਼ੋਰੀਂ ਸੈਦੇ ਖੇੜੇ ਨਾਲ ਨਿਕਾਹ ਪੜ੍ਹਾ ਦਿੱਤਾ ਗਿਆ। ਰਾਂਝਾ ਤੜਪਦਾ ਰਿਹਾ, ਹੀਰ ਕੁਰਲਾਉਂਦੀ ਰਹੀ। ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ! ਰਾਤ ਸਮੇਂ ਰਾਂਝਾ ਤੀਵੀਂ ਦੇ ਵੇਸ ਵਿੱਚ ਹੀਰ ਦੀਆਂ ਸਹੇਲੀਆਂ ਨਾਲ਼ ਹੀਰ ਪਾਸ ਪੁੱਜਾ। ਹੀਰ ਨੇ ਉਹਦੇ ਦੁਆਲੇ ਗਲਵੱਕੜੀਆਂ ਪਾ ਲਈਆਂ। ਦੋਨੋਂ ਹੰਝੂ ਕੇਰਦੇ ਰਹੇ। ਆਖ਼ਰ ਹੀਰ ਦਿਲ ਤਕੜਾ ਕਰਕੋ ਬੋਲੀ, "ਰਾਂਝਿਆ ਵੇਲ਼ਾ ਈ, ਚਲ ਕਿਧਰੇ ਨਸ ਟੁਰੀਏ। ਮਗਰੋਂ ਵੇਲ਼ਾ ਬੀਤਿਆ ਹੱਥ ਨਹੀਂ ਜੇ ਆਉਣਾ। ਮੈਨੂੰ ਲੈ ਚੱਲ ਰਾਂਝਿਆ ਮੈਂ ਤੇਰੇ ਬਿਨਾਂ ਜੀ ਨਹੀਂ ਸਕਦੀ!"
"ਨਹੀਂ ਹੀਰੇ ਇਹ ਅਸੀਂ ਨਹੀਂ ਜੇ ਕਰਨਾ। ਮੈਂ ਤੈਨੂੰ ਉਧਾਲ਼ੀ ਹੋਈ ਰੰਨ ਅਖਵਾਉਣਾ ਨਹੀਂ ਚਾਹੁੰਦਾ। ਤੂੰ ਇਹ ਨਾ ਸਮਝੀਂ ਕਿ ਮੇਰੇ ਵਿੱਚ ਤੈਨੂੰ ਲਜਾਣ ਦੀ ਹਿੰਮਤ ਨਹੀਂ। ਨਹੀਂ ਹੀਰੇ ਇਹ ਗੱਲ ਨਹੀਂ। ਮੇਰੀ ਤੇਰੀ ਖ਼ਾਤਰ ਜਿੰਦ ਹਾਜ਼ਰ ਹੈ। ਜੇ ਅੱਜ ਅਸੀਂ ਨਸ ਟੁਰੇ ਤਾਂ ਤੇਰੇ ਬਾਪ ਦੀ ਇੱਜ਼ਤ ਰੁਲ਼ ਜਾਵੇਗੀ ਹੀਰੇ। ਲੋਕੀਂ ਤੀਵੀਆਂ ਦੀ ਜ਼ਾਤ ਨੂੰ ਤਾਹਨੇ ਦੇਣਗੇ।" ਰਾਂਝਾ ਆਦਰਸ਼ਕ ਬਣਦਾ ਜਾ ਰਿਹਾ ਸੀ।
"ਚੰਗਾ ਰਾਂਝਿਆ! ਤੇਰੀ ਮਰਜ਼ੀ", ਹੀਰ ਹੌਕਾ ਭਰ ਕੇ ਬੋਲੀ, "ਕੀ ਹੋਇਆ ਰਾਂਝਿਆ ਮੇਰਾ ਨਿਕਾਹ ਲੋਕਾਂ ਦੀਆਂ ਨਜ਼ਰਾਂ ਵਿੱਚ ਸੈਦੇ ਨਾਲ ਪੜ੍ਹਿਆ ਗਿਐ ਪਰ ਮੈਂ ਸੱਚੇ ਖੁਦਾ ਦੀਆਂ ਨਜ਼ਰਾਂ ਵਿੱਚ ਤੇਰੀ ਆਂ। ਸਾਡਾ ਨਿਕਾਹ ਰਸੂਲ ਨੇ ਪਹਿਲਾਂ ਹੀ ਪੜ੍ਹਾਇਆ ਹੋਇਆ ਏ। ਮੈਂ ਮਰ ਜਾਂਗੀ ਰਾਂਝਿਆ ਪਰ ਸੈਦੇ ਖੇੜੇ ਦੀ ਸੇਜ ਕਬੂਲ ਨਾ ਕਰਾਂਗੀ, ਤੂੰ ਛੇਤੀ ਤੋਂ ਛੇਤੀ ਕੋਈ ਆਹੁਰ ਪਹੁਰ ਕਰਕੇ ਰੰਗਪੁਰ ਪੁੱਜ।"
ਤੀਜੇ ਦਿਨ ਖੇੜੇ ਕੁਰਲਾਉਂਦੀ ਹੀਰ ਦੀ ਡੋਲੀ ਲੈ ਟੁਰੇ! ਦੂਰ ਬੇਲੇ ਵਿੱਚ ਕੋਈ ਗਾ ਰਿਹਾ ਸੀ:
ਬੀਨ ਬਜਾਈ ਰਾਂਝੇ ਚਾਕ
ਲੱਗੀ ਮਨ ਮੇਰੇ
ਤਖ਼ਤ ਹਜ਼ਾਰੇ ਦਿਆ ਮਾਲਕਾ
ਕਿਥੇ ਲਾਏ ਨੀ ਡੇਰੇ
ਪੰਜਾਬ ਦੇ ਲੋਕ ਨਾਇਕ/16