ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮਿਰਜ਼ਾ ਸਾਹਿਬਾਂ

ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਬਿੰਜਲ ਖ਼ਰਲਾਂ ਦਾ ਸਰਦਾਰ, ਦਾਨਾਂਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਚੌਧਰੀ ਦੀ ਕੁਵੇਲੇ ਦੀ ਮੌਤ ਸਾਰੇ ਇਲਾਕੇ ਲਈ ਸੋਗ ਬਣ ਗਈ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਜਿਵੇਂ ਸੁੰਨਾ ਹੋ ਗਿਆ ਹੋਵੇ! ਉਸ ਨੂੰ ਗਸ਼ਾਂ ਤੇ ਗਸ਼ਾਂ ਪੈਂਦੀਆਂ ਰਹੀਆਂ। ਸਿਆਣੀਆਂ ਤ੍ਰੀਮਤਾਂ ਉਸ ਨੂੰ ਦਿਲਬਰੀਆਂ ਦੇਂਦੀਆਂ ਰਹੀਆਂ, ਢਾਰਸਾਂ ਬਨ੍ਹਾਂਉਂਦੀਆਂ ਰਹੀਆਂ।

ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਸਾਹਸ ਦੇਣ ਲੱਗੀ।

ਮਿਰਜ਼ੇ ਦਾ ਮਾਮਾ ਖੀਵਾ ਖਾਨ ਉਹਨੂੰ ਆਪਣੇ ਪਿੰਡ ਖੀਵੇ ਲੈ ਆਇਆ। ਖੀਵੇ ਦੇ ਘਰ ਕਿਸੇ ਗੱਲ ਦੀ ਤੋਟ ਨਾ ਸੀ। ਉਹ ਝੰਗ ਸਿਆਲ ਦਾ ਚੌਧਰੀ ਸੀ। ਆਪਣੀ ਭੈਣ ਦੀ ਕਿਸੇ ਨਾ ਕਿਸੇ ਪਜ ਬਹਾਨੇ ਮਦਦ ਕਰਨੀ, ਉਹ ਆਪਣਾ ਫ਼ਰਜ਼ ਸਮਝਦਾ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ।

ਕੁਝ ਵਰ੍ਹੇ ਹੋਏ ਖੀਵੇ ਖਾਨ ਦੀ ਘਰ ਵਾਲ਼ੀ ਦੋ ਪੁੱਤਰ ਤੇ ਇਕ ਧੀ ਛੱਡ ਕੇ ਮਰ ਗਈ ਸੀ ਤੇ ਹੁਣ ਉਹਨੇ ਪਿਛਲੇ ਵਰ੍ਹੇ ਦੂਜਾ ਵਿਆਹ ਕਰਵਾ ਲਿਆ ਸੀ। ਪਹਿਲੀ ਤੀਵੀਂ ਦੀ ਸਭ ਤੋਂ ਛੋਟੀ ਧੀ ਸਾਹਿਬਾਂ ਮਿਰਜ਼ੇ ਦੀ ਹਾਨਣ ਸੀ। ਮਿਰਜ਼ੇ ਦਾ ਜੀ ਪਰਚਾਣ ਨੂੰ ਸਾਹਿਬਾਂ ਤੋਂ ਪਿਆਰਾ ਸਾਥ ਹੋਰ ਕਿਹੜਾ ਹੋ ਸਕਦਾ ਸੀ। ਪਲਾਂ ਵਿੱਚ ਦੋ ਪਿਆਰੇ ਬਾਲ ਇਕਮਿਕ ਹੋ ਗਏ ਤੇ ਸਭ ਕੁਝ ਭੁੱਲ ਭੁਲਾ ਕੇ ਬਾਲ ਖੇਡਾਂ ਵਿੱਚ ਰੁੱਝ ਗਏ।

ਦੋਨਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ! ਦਿਨਾਂ ਦੇ ਦਿਨ ਮਹੀਨਿਆਂ ਦੇ ਮਹੀਨੇ ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ ਸਾਹਿਬਾਂ ਇਕ ਪਲ ਲਈ ਵੀ ਇਕ ਦੂਜੇ ਤੋਂ ਜ਼ੁਦਾ ਨਾ ਹੁੰਦੇ, ਕੱਠੇ ਪੜ੍ਹਦੇ, ਕੱਠੇ ਖੇਡਦੇ।

ਸਾਹਿਬਾਂ ਮੁਟਿਆਰ ਹੋਣ ਲੱਗੀ।

ਮਿਰਜ਼ਾ ਜਵਾਨ ਹੋਣ ਲੱਗਾ।

ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿੱਚ ਕੋਈ ਹੋਰ ਮੁਟਿਆਰ ਨਾ ਸੀ ਵਿਖਾਈ ਦੇਂਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ

ਪੰਜਾਬ ਦੇ ਲੋਕ ਨਾਇਕ/37