ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੋਹਣਾ ਜ਼ੈਨੀ ਦੇ ਹੁਸਨ ਦੀ ਤਾਬ ਨਾ ਝਲ ਸਕਿਆ। ਉਹ ਜ਼ੈਨੀ ਦਾ ਹੋ ਗਿਆ:-

ਸੋਹਣਾ ਤਰਫ ਜ਼ੈਨੀ ਦੇ ਵੇਖੇ
ਦੂਰੋਂ ਲਾ ਨਜ਼ੀਰਾਂ
ਇਸ਼ਕ ਰਚੇ ਜਦ ਹੱਡਾਂ ਅੰਦਰ
ਚਲਦੀਆਂ ਨਹੀਂ ਤਦਬੀਰਾਂ
ਆਸ਼ਕ ਹੋਇਆ ਜ਼ੈਨੀ ਉਪਰ
ਸੋਹਣਾ ਦਿਲੋਂ ਜ਼ਬਾਨੋਂ
ਹੁਸਨ ਜ਼ੈਨੀ ਦਾ ਦਿਲ ਵਿੱਚ ਪੁੜਿਆ
ਛੁੱਟਾ ਤੀਰ ਕਮਾਨੋਂ

(ਖਾਹਸ਼ ਅਲੀ)

ਚੰਦਾ ਤੇ ਜ਼ੈਨੀ ਪਾਣੀ ਦੇ ਘੜੇ ਭਰ ਕੇ ਮਲਕੜੇ ਮਲਕੜੇ ਪੈਲਾਂ ਪਾਂਦੀਆਂ ਡੇਰੇ ਵਿੱਚ ਜਾ ਵੜੀਆਂ। ਸੋਹਣਾ ਜ਼ੈਨੀ ਦੀ ਮਿੱਠੀ ਤੇ ਨਿੱਘੀ ਨੁਹਾਰ ਦਾ ਰਾਂਗਲਾ ਸੁਪਨਾ ਆਪਣੇ ਮੱਧ ਭਰੇ ਨੈਣਾਂ ਵਿੱਚ ਸਮੇਂ ਘਰ ਪਰਤ ਆਇਆ। ਜ਼ਿੰਦਗੀ ਦੀ ਹਰ ਸ਼ੈਅ ਹੁਣ ਉਸ ਨੂੰ ਪਿਆਰੀ ਪਿਆਰੀ, ਖ਼ੁਸ਼ ਖ਼ੁਸ਼ ਜਾਪਦੀ ਸੀ। ਹਰ ਪਾਸੇ ਉਹਨੂੰ ਪਿਆਰੀ ਜ਼ੈਨੀ ਪਈ ਨਜ਼ਰ ਆਉਂਦੀ ਸੀ।

ਸਾਰੀ ਰਾਤ ਸੋਹਣਾ ਸੁਨਹਿਰੀ ਸੁਪਨੇ ਉਣਦਾ ਰਿਹਾ। ਸਵੇਰ ਹੁੰਦਿਆਂ ਸਾਰ ਹੀ ਉਹ ਡੇਰੇ ਵੱਲ ਭੱਜ ਤੁਰਿਆ। ਖੂਹ ’ਤੇ ਪੁੱਜ ਕੇ ਕੀ ਵੇਖਦਾ ਹੈ...ਡੇਰੇ ਵਾਲੀ ਥਾਂ ਤਾਂ ਭਾਂ ਭਾਂ ਪਈ ਕਰਦੀ ਹੈ। ਜੋਗੀ ਰਾਤੋਂ ਰਾਤ ਅਗਾਂਹ ਤੁਰ ਗਏ ਸਨ।

ਸੋਹਣੇ ਦੇ ਕਾਲਜੇ ’ਚੋਂ ਰੁਗ ਭਰਿਆ ਗਿਆ। ਜ਼ੈਨੀ ਤਾਂ ਉਹਦਾ ਸਭ ਕੁਝ ਖੋਹ ਕੋ ਲੈ ਗਈ ਸੀ। ਉਹ ਉਹਦੇ ਵਿਯੋਗ ਵਿੱਚ ਪਾਗਲ ਜਿਹਾ ਹੋ ਗਿਆ। ਪਿਆਰੇ ਦੇ ਦੀਦਾਰ ਲਈ ਖੋਤਿਆਂ ਦੀਆਂ ਪੈੜਾਂ ਦਾ ਖੁਰਾ ਫੜ ਕੇ ਉਹ ਮਗਰੇ ਨੱਸ ਤੁਰਿਆ। ਹਰ ਆਉਂਦੇ ਰਾਹੀ ਪਾਸੋਂ ਉਹ ਡੇਰੇ ਦਾ ਪਤਾ ਪੁੱਛਦਾ। ਪੂਰੇ ਦੋ ਦਿਨ ਉਹ ਡੇਰਾ ਨਾ ਲੱਭ ਸਕਿਆ। ਭੁੱਖ ਅਤੇ ਵਿਯੋਗ ਦੇ ਕਾਰਨ ਉਹਦਾ ਬੁਰਾ ਹਾਲ ਹੋ ਰਿਹਾ ਸੀ। ਪਿਆਰੇ ਨਾਲ਼ ਤਾਂ ਉਸ ਅਜੇ ਦੋ ਬੋਲ ਵੀ ਸਾਂਝੇ ਨਹੀਂ ਸਨ ਕੀਤੇ। ਅੰਤ ਤੀਜੇ ਦਿਨ ਘੁੱਲਾ ਪੁਰ ਪਿੰਡ ਦੀ ਜੂਹ ਵਿੱਚ ਡੇਰਾ ਲੱਭ ਪਿਆ। ਜ਼ੈਨੀ ਨੂੰ ਵੇਖ ਉਸ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ।

ਜੋਗੀਆਂ ਦਾ ਡੇਰਾ ਕਈ ਦਿਨ ਘੁੱਲਾਪੁਰ ਟਿਕਿਆ ਰਿਹਾ। ਸੋਹਣਾ ਦਿਨੇ ਡੇਰੇ ਵੱਲ ਗੇੜਾ ਮਾਰ ਕੇ ਜ਼ੈਨੀ ਦਾ ਚੰਦ ਜਿਹਾ ਪਿਆਰਾ ਮੁਖੜਾ ਤੱਕ ਜਾਂਦਾ ਤੇ ਰਾਤੀਂ ਮਸੀਤੇ ਜਾ ਸੌਂਦਾ। ਪਰ ਦੋ ਬੋਲ-ਪਿਆਰ ਭਰੇ ਮਾਖਿਓਂ-ਮਿੱਠੇ ਬੋਲ ਜੈਨੀ ਨਾਲ ਸਾਂਝੇ ਨਾ ਕਰ ਸਕਿਆ। ਇਸ਼ਕ ਤੜਪਦਾ ਰਿਹਾ, ਹੁਸਨ ਮਚਲਦਾ ਰਿਹਾ।

ਏਧਰ ਜ਼ੈਨੀ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਦਿਆਂ ਰਾਹਾਂ ਨੂੰ ਚੜ੍ਹਦੇ ਸੂਰਜ

ਪੰਜਾਬ ਦੇ ਲੋਕ ਨਾਇਕ/67