ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣਾ ਜ਼ੈਨੀ

'ਸੋਹਣਾ ਜ਼ੈਨੀ' ਲਹਿੰਦੇ ਪੰਜਾਬ ਦੇ ਗੁਜਰਾਤ ਦੇ ਇਲਾਕੇ ਵਿੱਚ ਵਾਪਰੀ ਪ੍ਰੀਤ ਕਥਾ ਹੈ ਜੋ ਸਦੀਆਂ ਤੋਂ ਪੰਜਾਬ ਦੀ ਲੋਕ ਆਤਮਾ ਨੂੰ ਟੁੰਭਦੀ ਆ ਰਹੀ ਹੈ। ਇਸ ਪ੍ਰੀਤ ਕਥਾ ਨੂੰ ਖਾਹਸ਼ ਅਲੀ ਅਤੇ ਕਵੀ ਜਲਾਲ ਨੇ ਆਪਣੇ ਕਿੱਸਿਆ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ।

ਜ਼ਿਲਾ ਗੁਜਰਾਤ ਦੇ ਚੱਕ ਅਬਦੁੱਲਾ ਨਾਮੀ ਪਿੰਡ ਵਿੱਚ ਉਸੇ ਪਿੰਡ ਦਾ ਮਾਲਕ ਅਬਦੁੱਲਾ ਰਹਿ ਰਿਹਾ ਸੀ। ਬੰਦਾ ਬੜਾ ਸਖੀ ਸੀ। ਘਰ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਸੀ, ਜੇ ਤੋਟ ਸੀ ਤਾਂ ਔਲਾਦ ਦੀ। ਉਸ ਬੜੇ ਪੁੰਨਦਾਨ ਕੀਤੇ, ਮੰਨਤਾ ਮੰਨੀਆਂ। ਇਕ ਦਿਨ ਸੱਚੇ ਦਿਲੋਂ ਕੀਤੀ ਉਸ ਦੀ ਦੁਆ ਖੁਦਾ ਦੇ ਦਰ ਕਬੂਲ ਹੋ ਗਈ। ਰਹਿਮਤਾਂ ਵਰ੍ਹ ਪਈਆਂ ਤੇ ਉਸ ਨੂੰ ਸੱਚੇ ਰਸੂਲ ਦੇ ਦਰੋਂ ਤਿੰਨ ਪੁੱਤਰਾਂ ਦੀ ਦਾਤ ਮਿਲ਼ ਗਈ। ਸੋਹਣਾ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ।

ਸੋਹਣਾ ਜਵਾਨ ਹੋ ਗਿਆ ਤੇ ਸ਼ਿਕਾਰ ਖੇਡਣ ਲੱਗ ਪਿਆ। ਇਕ ਦਿਨ ਉਹ ਸ਼ਿਕਾਰ ਖੇਡਦਾ ਖੇਡਦਾ ਆਪਣੇ ਖੂਹ 'ਤੇ ਜਾ ਪੁੱਜਿਆ। ਖੂਹ ਦੇ ਨੇੜੇ ਹੀ ਜੋਗੀਆਂ ਦਾ ਡੇਰਾ ਉਤਰਿਆ ਹੋਇਆ ਸੀ। ਉਸ ਡੇਰੇ ਦੇ ਨੰਬਰਦਾਰ ਸਮਰਨਾਥ ਦੀ ਅਲਬੇਲੀ ਧੀ ਜ਼ੈਨੀ ਆਪਣੀ ਸਹੇਲੀ ਚੰਦਾ ਨਾਲ ਖੂਹੇ ਤੋਂ ਪਾਣੀ ਪਈ ਭਰੇਂਦੀ ਸੀ। ਜ਼ੈਨੀ ਦਾ ਰੂਪ ਬਣ ਬਣ ਪੈ ਰਿਹਾ ਸੀ:-

ਸੋਹਣੀ ਸੂਰਤ ਬਦਨ ਦੀ ਪਿਆਰੀ
ਜਿਉਂ ਮੱਖਣ ਦਾ ਪੇੜਾ।
ਚਸ਼ਮ ਉਘਾੜ ਤੱਕੇ ਉਹ ਜਿਤ ਵਲ
ਉੜਨੇ ਵਾਲਾ ਕਿਹੜਾ!
ਪਲਕਾਂ ਤੀਰ ਲੱਗਣ ਵਿੱਚ ਸੀਨੇ
ਅੱਬਰੂ ਸਖਤ ਕਮਾਨਾਂ।
ਇਕ ਨਜ਼ਰ ਥੀਂ ਘਾਇਲ ਹੋਵਨ
ਲੱਖ ਕਰੋੜਾਂ ਜਾਨਾਂ।
ਜ਼ੁਲਫਾਂ ਰਾਤ ਹਨੇਰੀ ਵਾਂਗੂੰ
ਤੇ ਮੁਖ ਰੋਜ਼ ਉਜਾਲਾ।
ਦਿਨ ਤੇ ਰਾਤ ਇਕੱਠੇ ਕੀਤੇ
ਕੁਦਰਤ ਰਬ ਤਾਅਲਾ(ਕਵੀ ਜਲਾਲ)

ਪੰਜਾਬ ਦੇ ਲੋਕ ਨਾਇਕ/66