ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/73

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਈ ਮਹੀਨੇ ਗੁਜ਼ਰ ਗਏ। ਇਕ ਦਿਨ ਫਿਰ ਜ਼ੈਨੀ ਸੋਹਣੇ ਨੂੰ ਜੰਗਲ ਵਿੱਚ ਕੱਲੀ ਟੱਕਰ ਗਈ। ਸੋਹਣੇ ਝੋਲੀ ਅੱਡੀ, ਦਾਨੀ ਆਪ ਮੰਗਤਾ ਬਣ ਗਿਆ:

ਸੋਹਣੇ ਦਰਦੀ ਹਾਲ ਦਰਦ ਦਾ
ਦਰਦੋਂ ਆਖ ਸੁਣਾਇਆ
ਲੈ ਸੁਨੇਹਾ ਦਰਦਾਂ ਵਾਲ਼ਾ
ਜ਼ੈਨੀ ਦੇ ਵੱਲ ਆਇਆ
ਆਹ ਇਸ਼ਕ ਦੀ ਤੀਰਾਂ ਵਾਂਗੂੰ
ਜ਼ਖਮ ਕੀਤਾ ਵਿੱਚ ਸੀਨੇ
ਨਿਕਲੀ ਆਹ ਜ਼ੈਨੀ ਦੇ ਦਿਲ ਥੀਂ
ਰੋਵਣ ਨੈਣ ਨਗੀਨੇ
ਇਸ਼ਕ ਆਸ਼ਕ ਥੀਂ ਮਾਸ਼ੂਕਾ ਵੱਲ
ਆਇਆ ਜ਼ੋਰ ਧਿੰਗਾਣੇ
ਚੜ੍ਹੇ ਖੁਮਾਰ ਸ਼ਰਾਬੋ ਵੱਧ ਕੇ
ਨੈਣ ਹੋਏ ਮਸਤਾਨੇ
ਸੋਹਣਾ ਇਸ਼ਕ ਸੋਹਣੇ ਦਾ ਲੱਗਾ
ਜ਼ੈਨੀ ਕਮਲੀ ਹੋਈ
ਮਾਣ, ਗ਼ਰੂਰ ਤੇ ਨਖਵਤ ਦਿਲ ਦੇ
ਅੰਦਰ ਰਹੀ ਨਾ ਕੋਈ(ਜਲਾਲ)

ਜ਼ੈਨੀ ਹੁਣ ਸੋਹਣੇ ਦੀ ਖ਼ਿਦਮਤ ਕਰਦੀ ਨਹੀਂ ਸੀ ਥੱਕਦੀ। ਉਹਦੇ ਰਾਹਾਂ 'ਤੇ ਨਜ਼ਰਾਂ ਵਿਛਾਉਂਦੀ ਨਹੀਂ ਸੀ ਅੱਕਦੀ।

ਕੁਝ ਸਮਾਂ ਸੋਹਣਾ ਤੇ ਜ਼ੈਨੀ ਪਿਆਰ ਮਿਲਣੀਆਂ ਮਾਣਦੇ ਰਹੇ। ਆਖਰ ਉਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿੱਚ ਛਿੜ ਪਈ। ਸਮਰਨਾਥ ਨੇ ਸੋਹਣੇ ਨੂੰ ਡੇਰੇ ਵਿੱਚੋਂ ਕੱਢ ਦਿੱਤਾ। ਸੋਹਣਾ ਆਪਣੇ ਮਹਿਬੂਬ ਦਾ ਪਿੱਛਾ ਕਿਵੇਂ ਛੱਡਦਾ। ਉਹਨੇ ਡੇਰੇ ਦੇ ਬਾਹਰ ਆਪਣਾ ਡੇਰਾ ਜਮਾ ਲਿਆ।

ਸੋਹਣੇ ਦਾ ਹਠ ਵੇਖ ਕੇ ਜੋਗੀਆਂ ਨੂੰ ਰੋਹ ਚੜ੍ਹ ਗਿਆ। ਉਹ ਉਸ ਨੂੰ ਮਾਰਨ ਲਈ ਦੌੜੇ ਪਰੰਤੂ ਡੇਰੇ ਦੇ ਬਜ਼ੁਰਗ ਸਾਰਨਾਥ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਸ ਆਖਿਆ, "ਮੂਰਖ ਨਾ ਬਣੋ। ਆਪਣੇ ਸਿਰ ਖੂਨ ਪਾ ਕੇ ਡੇਰੇ ਦੀ ਸ਼ਾਨ ਨੂੰ ਵੱਟਾ ਨਾ ਲਾਵੋ। ਇਹਨੂੰ ਜੰਗਲ ਵਿੱਚ ਕਿਸੇ ਦਰਖ਼ੱਤ ਨਾਲ਼ ਬੰਨ੍ਹ ਦੇਵੋ। ਡੇਰਾ ਅਗਾਂਹ ਲੈ ਜਾਂਦੇ ਹਾਂ। ਆਪੇ ਸਾਡਾ ਪਿੱਛਾ ਛੱਡ ਦੇਵੇਗਾ।"

ਜੋਗੀ ਰਾਤ ਸਮੇਂ ਸੋਹਣੇ ਨੂੰ ਜੰਗਲ 'ਚ ਲੈ ਗਏ, ਪਿਹਲਾਂ ਤਾਂ ਉਹਦੀ ਖੂਬ ਕੁਟਾਈ ਕੀਤੀ ਤੇ ਮਗਰੋਂ ਉਹਨੂੰ ਇਕ ਦਰੱਖਤ ਨਾਲ਼ ਬੰਨ੍ਹ ਦਿੱਤਾ। ਰਾਤੋਂ ਰਾਤ ਡੇਰਾ ਅਗਾਂਹ ਤੁਰ ਗਿਆ ਪਰੰਤੂ ਦੂਜੀ ਭਲਕ ਕਿਸੇ ਸ਼ਿਕਾਰੀ ਨੇ ਸੋਹਣੇ ਨੂੰ ਦਰੱਖਤ ਨਾਲ਼ੋਂ

ਪੰਜਾਬ ਦੇ ਲੋਕ ਨਾਇਕ/69