ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗਲੀ ਭਲ਼ਕ ਉਸ ਦੇ ਧੌਲਰ ਨੂੰ ਆ ਸਿਜਦਾ ਕੀਤਾ। ਇਸ ਤਰ੍ਹਾਂ ਇਹ ਹੁਸਨ ਇਸ਼ਕ ਦਾ ਸਿਲਸਲਾ ਕਈ ਦਿਨ ਚੱਲਦਾ ਰਿਹਾ। ਕੋਕਲਾਂ ਉੱਪਰੋਂ ਕੁਮੰਦ ਸੁੱਟਦੀ ਤੇ ਹੋਡੀ ਉੱਪਰ ਚੱਲਿਆ ਜਾਂਦਾ। ਇਕ ਦਿਨ ਕਿਧਰੇ ਰਸਾਲੂ ਅਚਨਚੇਤ ਸਾਝਰੇ ਵਾਪਸ ਆ ਗਿਆ..... ਉਹਨੇ ਵੇਖਿਆ ਕੋਈ ਪੁਰਸ਼ ਉਹਦੇ ਮਹਿਲਾਂ ਤੋਂ ਕੁਮੰਦ ਰਾਹੀਂ ਹੇਠਾਂ ਉੱਤਰ ਰਿਹਾ ਹੈ..... ਇਹ ਕੌਣ ਸੀ ਜੀਹਨੇ ਉਹਦੇ ਮਹਿਲਾਂ ਨੂੰ ਸੰਨ੍ਹ ਲਾ ਲਈ ਸੀ.... ਹੋਡੀ ਹੇਠਾਂ ਉੱਤਰਿਆ.... ਦੋਹਾਂ ਨੇ ਇਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨਾਂ ਵਿੱਚੋਂ ਬਾਹਰ ਕੱਢ ਲਈਆਂ.... ਦੋਹਾਂ ਨੇ ਬੜੀ ਫੁਰਤੀ ਨਾਲ਼ ਇਕ-ਦੂਜੇ 'ਤੇ ਵਾਰ ਕੀਤੇ..... ਰਾਜਾ ਰਸਾਲੂ ਦਾ ਵਾਰ ਹੀ ਅਜਿਹਾ ਸੀ ਕਿ ਹੋਡੀ ਉਹਦਾ ਵਾਰ ਨਾ ਝੱਲ ਸਕਿਆ.... ਹੋਡੀ ਦਾ ਸਿਰ ਉਹਦੀ ਧੜ ਨਾਲ਼ੋਂ ਵੱਖਰਾ ਹੋ ਗਿਆ.... ਮਹਿਲਾਂ ਉੱਪਰ ਖੜੋਤੀ ਕੋਕਲਾਂ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ। ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰ ਹੀ ਉਹਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ਼ ਮਾਰ ਦਿੱਤੀ ਤੇ ਡਿੱਗਦਿਆਂ ਹੀ ਕੋਕਲਾਂ ਦਾ ਸਿਰ ਖਖੜੀ-ਖਖੜੀ ਹੋ ਗਿਆ ਤੇ ਉਹਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ!

ਰਾਣੀ ਕੋਕਲਾਂ ਦੇ ਧੌਲਰਾਂ ਵਿੱਚ ਸੰਨਾਟਾ ਛਾ ਗਿਆ.... ਉਹਦੀ ਮੈਨਾ ਤੇ ਪਿਆਰੇ ਤੋਤੇ ਨੇ ਖੰਭ ਫੜਫੜਾਏ ਤੇ ਅਸਮਾਨ ਵਿੱਚ ਉਡਾਰੀ ਮਾਰ ਗਏ! ਰਾਜਾ ਰਸਾਲੂ ਆਪਣੀ ਰਾਣੀ ਕੋਕਲਾਂ ਦੀ ਬੇਵਫ਼ਾਈ ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ਼ ਆਇਆ। ਦੋਹਾਂ ਲਾਸ਼ਾਂ ਨੂੰ ਰੱਸੇ ਨਾਲ ਬੰਨ੍ਹ ਕੇ ਘੋੜੇ ਦੇ ਦੋਹੀਂ ਪਾਸੀਂ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਚਾਲੇ ਪਾ ਦਿੱਤੇ। ਕਹਿੰਦੇ ਹਨ ਮਗਰੋਂ ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਘੇਰਿਆ ਤੇ ਉਹ ਉਹਨਾਂ ਨਾਲ਼ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ... ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜਾ ਰਸਾਲੂ ਦੀਆਂ ਵਾਰਾਂ ਗਾ ਕੇ ਉਸ ਨੂੰ ਯਾਦ ਕਦੇ ਹਨ।

ਪੰਜਾਬ ਦੇ ਲੋਕ ਨਾਇਕ/89