ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

ਲਗੂ ਕਚਹਿਰੀ ਖੀਵੇ ਬਾਪ ਦੀ ਤੈਨੂੰ ਬੰਨ੍ਹ ਕੇ ਲਊਂ ਮੰਗਵਾ
ਕੰਮ-ਇਹ ਗੁਨਾਹ ਮੇਰਾ ਬਖ਼ਸ਼ ਲੈ ਸਾਹਿਬਾਂ ਜਿਥੇ ਘਲੇਂ ਓਥੇ ਜਾਂ
ਡੇਰਾ ਲਗਾ ਹਫੀਮ ਦਾ ਸਾਡੀ ਅਕਲ ਟਿਕਾਣੇ ਨਾ
ਮੈਂ ਤਾਂ ਭੋਲਾ ਗਰੀਬ ਹਾਂ, ਮੇਰੀ ਰੱਖ ਧੰਲਿਆਂ ਦੀ ਲਾਜ
ਵੱਡੀ ਰਾਤੇ ਉਠ ਕੇ ਤੁਰ ਪਵਾਂ ਖਰਲਾਂ ਦੀ ਰਾਹ

ਮਿਰਜ਼ੇ ਦੀ ਮਾਂ ਮਿਰਜ਼ੇ ਨੂੰ ਹੋੜਦੀ ਹੈ:

ਚੜ੍ਹਦੇ ਮਿਰਜ਼ੇ ਖ਼ਾਨ ਨੂੰ ਮੱਤਾਂ ਦੇਵੇ ਮਾਂ
ਬੁਰੇ ਸਿਆਲਾਂ ਦੇ ਮਾਮਲੇ ਬੁਰੀ ਸਿਆਲਾਂ ਦੀ ਰਾਹ
ਬੁਰੀਆਂ ਸਿਆਲਾਂ ਦੀਆਂ ਔਰਤਾਂ ਜਾਦੂ ਲੈਂਦੀਆਂ ਪਾ
ਕਢ ਕਲੇਜੇ ਖਾਂਦੀਆਂ ਮੇਰੇ ਝਾਟੇ ਧੜ ਨਾ ਪਾ
ਰੰਨ ਦੀ ਖ਼ਾਤਰ ਚਲਿਆ ਆਵੇਂ ਜਾਂਨ ਗਵਾ
ਆਪੇ ਮਰੇ ਲਗ ਜਾ, ਅਗੇ ਪੈਰ ਨਾ ਪਾ

ਚੜ੍ਹਦੇ ਮਿਰਜ਼ੇ ਖਾਨ ਨੂੰ ਵੰਝਲ ਦੇਂਦਾ ਮੱਤ
ਭੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ
ਹਸ ਕੇ ਲਾਵਣ ਯਾਰੀਆਂ ਹੋ ਕੇ ਦੇਵਣ ਦੱਸ
ਪਤ ਮਰਵਾਨ ਬਿਗਾਨੜੇ ਧੋਣੇ ਦੇ ਕੇ ਲੱਤ
ਲਈਂ ਹਥ ਨ ਆਂਵਦੀ ਦਾਨਸ਼ਮੰਦਾਂ ਦੀ ਪਤ

ਰਾਜਾ ਝੂਰੇ ਰਾਜ ਨੂੰ ਬੰਧਨ ਨੂੰ ਝੂਰੇ ਚੋਰ
ਰੋਜ਼ੀ ਝੂਰੇ ਰੂਪ ਨੂੰ ਪੈਰਾਂ ਨੂੰ ਝੂਰੇ ਮੋਰ

ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮਤ ਦਦੀ ਖੜੀ
ਸੱਪਾ ਸ਼ੀਹਾਂ ਦੀ ਦੋਸਤੀ ਨਾ ਕਰ ਭਾਈ ਅੜੀ
ਤਪੀ ਕੜਾਹੀ ਤੇਲ ਦੀ ਸਿਰ ਤੇ ਲਾਟ ਜਲੀ
ਮੂਸਾ ਭਜਿਆ ਮੌਤ ਤੋਂ ਉਸ ਦੇ ਅਗੇ ਮੌਤ ਖਲੀ

ਹੋਰ ਦੇਖੋ-ਮਿਰਜ਼ੇ ਦੀ ਬੀਰਤਾ

ਮਿਰਜ਼ਾ ਆਖੇ ਕੋਈ ਨ ਦੀਹਦਾ ਸੂਰਮਾਂ ਜੇਹੜਾ ਮੈਨੂੰ ਹਥ ਕਰੇ
ਕਟਕ ਭਿੜਾ ਦਿਆਂ ਟੱਕਰੀਂ ਮੈਥੋਂ ਭੀ ਰਾਠ ਡਰੇ
ਵਲ ਵਲ ਵਢ ਦਿਆਂ ਸੂਰਮੇ ਜਿਉਂ ਖੇਤੀ ਨੂੰ ਪੈਣ ਗੜੇ
ਸਿਰ ਸਿਆਲਾਂ ਦੇ ਵੱਢ ਕੇ ਸਿਤੁੰਗਾਂ ਵਿਚ ਰੜੇ

ਮੰਦਾ ਕੀਤਾ ਈ ਸਾਹਿਬਾਂ ਮੇਰਾ ਤਰਕਸ਼ ਟੰਗਿਆ ਜੰਡ
ਤਿੰਨ ਸੌ ਕਾਨੀ ਮਿਰਜ਼ੇ ਜਵਾਨ ਦੀ ਦੇਂਦਾ ਸਿਆਲਾਂ ਨੂੰ ਵੰਡ
ਪਹਿਲੋਂ ਮਾਰਦਾ ਵੀਰ ਸ਼ਮੀਰ ਦੇ ਦੂਜੀ ਕੁਲੇ ਦੇ ਤੰਗ
ਤੀਜੀ ਮਾਰਾਂ ਜੋੜ ਕੇ ਜੈਂਹਦੀ ਹੋਈ ਤੂੰ ਮੰਗ

ਏਸ ਗੱਲ ਦੀ ਲੋੜ ਪ੍ਰਤੀਤ ਹੋ ਰਹੀ ਹੈ ਕਿ ਪੀਲੂ ਦੀ ਵਾਰ ਸੋਧ ਕੇ ਪੁਰੀ ਛਪਵਾਈ ਜਾਏ, ਕਿਉਂਕਿ ਇਹ ਪੰਜਾਬੀ ਦੀ ਇਕ ਅਮੋਲ ਸ਼ੈ ਹੈ।