(੪੨)
ਬਾਲ ਬਚੇ ਵੀ ਨਾਲ ਏਹਨਾਂ ਦੇ, ਫੜ ਫੜਕੇ ਸਭ ਮਾਰੇ।
ਨਕਦੀ, ਜ਼ਰ, ਤੇ ਲੀੜੇ, ਭਾਂਡੇ, ਲੁਟ ਪੁਟ ਲੀਤੇ ਸਾਰੇ।
ਅੱਗ ਲਗਾਕੇ ਫੂਕ ਘਰਾਂ ਨੂੰ, ਕੀਤੀ ਖੂਬ ਸਫਾਈ।
ਖਾਲਸਿਆਂ ਦੇ ਇਸ ਹਲੇ ਨੇ, ਥਾਂ ਥਾਂ ਧਾਂਕ ਮਚਾਈ।
ਮੁਸਲਮਾਨ, ਹਿੰਦੂ, ਸਭ ਕੌਮਾਂ, ਹਥ ਕੰਨਾਂ ਤੇ ਲਾਵਨ।
ਕਦੇ ਨਾਂ ਕਰੇ ਸ਼ਕਾਇਤ ਕੋਈ,ਕਰਨ ਜਿਵੇਂ ਸਿੰਘ ਚਾਹਵਨ।
ਪਿਆ ਦਬ ਦਬਾ ਐਡਾ ਹਰ ਥਾਂ, ਪੁਟੇ ਅੱਖ ਨਾਂ ਕੋਈ।
ਖੁਸ਼ੀ ਸਿੰਘਾਂ ਨੂੰ ਬਰਕਤ ਸਿੰਘਾ, ਮਾਲ ਮਾਰਕੇ ਹੋਈ।
ਸਿੰਘਾਂ ਦੇ ਉਸ ਵੇਲੇ ਦੇ ਆਗੂ
{ ਕਬਿੱਤ }
'ਸ਼ਾਮ ਸਿੰਘ' ਸੂਰਬੀਰ ਜੋਧਾ 'ਨਾਰੋ ਵਾਲ' ਵਾਲਾ,
'ਬਾਘ ਸਿੰਘ' ਹੋਰ 'ਹਲੋਕਿਆਂ' ਦਾ ਜਵਾਨ ਸੀ।
'ਕ੍ਰੋੜਾ ਸਿੰਘ' 'ਕਰਮ ਸਿੰਘ' ਦੋਵੇਂ 'ਪੈਜ ਗੜੀ' ਵਾਲੇ,
'ਗੁਰਦਿਆਲ ਸਿੰਘ' 'ਡਲੇ ਵਾਲਾ' ਬਲ ਮੇਹਰਬਾਨ ਸੀ।
'ਗੁਰਬਖਸ਼ ਸਿੰਘ' ਸਰਦਾਰ ਹੋਰ 'ਕਲਸੀਆਂ' ਦਾ,
'ਹਰੀ ਸਿੰਘ ਭੰਗੀ' ਪਾਸੋਂ ਕੰਬਦਾ ਜਹਾਨ ਸੀ।
'ਚੜਤ ਸਿੰਘ' 'ਚੰਦਾ ਸਿੰਘ' 'ਧਰਮ ਸਿੰਘ' 'ਕਾਲਾ ਸਿੰਘ',
ਨਾਲ 'ਰਾਮਗੜੀਆ ਜੱਸਾ ਸਿੰਘ' ਹਨੂੰਮਾਨ ਸੀ।
ਹੋਰ 'ਜੱਸਾ ਸਿੰਘ ਆਹਲੂਵਾਲੀਆ' ਹਠੀਲਾ 'ਜੋਧਾ,
'ਹੀਰਾ ਸਿੰਘ' 'ਵੀਰ ਸਿੰਘ' 'ਭੋਮਾ' ਬਲਕਾਰ ਸੀ।
ਹੋਰ ਭੀ ਬੇਅੰਤ ਅੰਤ ਆਂਵਦਾ 'ਅਨੰਦ' ਜੀ ਨਾਂ,
ਸਭ ਤੋਂ 'ਕਪੂਰ ਸਿੰਘ' ਵਡਾ ਜਥੇਦਾਰ ਸੀ।