ਪੰਨਾ:ਪੱਕੀ ਵੰਡ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਛੁਪਾਉਣ ਦੇ ਮਾਰੇ ਉਹ ਲੋਕਾਂ ਵਿੱਚ ਕਹਿੰਦੇ, “ਭਾਈ, ਫਸਲ ਤਾਂ ਖੇਤਾਂ ਦੇ ਸਿਰ ਤੇ ਹੀ ਹੋਣੀ ਸੀ। ਚੰਗੇ ਚੰਗੇ ਖੇਤ ਉਹਨਾਂ ਕੋਲ ਨੇ, ਮਾੜੇ ਸਾਡੇ ਕੋਲ।” ਹਾਲਾਂਕਿ ਸਾਰਾ ਪਿੰਡ ਇਹ ਜਾਣਦਾ ਸੀ ਕਿ ਖੇਤ ਸਾਰੇ ਇੱਕੋ ਜਿਹੇ ਸਨ ਤੇ ਟੱਕ ਵੀ ਉਹਨਾਂ ਮਨ-ਮਰਜ਼ੀ ਦਾ ਛਾਂਟਿਆ ਸੀ। ਲੋਕ ਇਹ ਵੀ ਜਾਣਦੇ ਸਨ ਕਿ ਰਮਜਾਨ ਤਾਂ ਦਿਨ ਰਾਤ ਟੁੱਟ ਟੁੱਟ ਮਰਦਾ ਏ। ਨਾ ਧੁੱਪ ਵੇਖੇ ਨਾਂ ਮੀਂਹ, ਪਾਲਾ ਨਾਂ ਗਰਮੀ ਪਰ ਦੁੱਲੇ ਹੋਰੀਂ ਤਾਂ ਅਸਲੋਂ ਹੀ ਹੱਡ ਹਰਾਮੀ ਹੋ ਗਏ ਸਨ। ਮਾੜਾ ਮੋਟਾ ਪੱਠਾ ਦੱਥਾ ਕੀਤਾ ਕਾਦਰੀ ਰੋਟੀ ਲੈ ਕੇ ਆਈ ਤਾਂ ਤਿੰਨੇ ਬੇਰੀ ਹੇਠ ਬੈਠ ਦਿਹਾੜੀ ਲੰਘਾ ਦਿੰਦੇ।

ਇੱਕ ਦਿਨ ਦੁਪਹਿਰ ਵੇਲੇ ਉਹ ਤਿੰਨੇ ਬੇਰੀ ਹੇਠਾਂ ਬੈਠੇ ਸਨ ਕਿ ਜਾਹਨੇ ਨੇ ਹੱਲ ਛੱਡ ਬਲਦਾਂ ਨੂੰ ਪੱਠੇ ਪਾ ਕਹੀ ਫੜੀ ਤੇ ਆਪਣੇ ਖੇਤ ਦੇ ਵਿਚਾਲੇ ਦੀ ਵੱਟ ਵੱਢਣ ਲੱਗਾ। ਦੁੱਲਾ ਤੇ ਸ਼ਦੀਕ ਦੋਵੇਂ ਉਠ ਕੇ ਉਹਦੇ ਕੋਲ ਆਏ, “ਜਾਹਨਿਆ, ਵੱਟ ਨਾ ਵੱਢੀ,” ਦੁੱਲੇ ਨੇ ਕੁਰੱਖਤ ਜਿਹੇ ਕਿਹਾ।

ਜਾਹਨੇ ਨੇ ਲੱਕ ਸਿੱਧਾ ਕੀਤਾ ਤੇ ਕਿਹਾ, ”ਦੋਹੀਂ ਪਾਸੀਂ ਖੇਤ ਮੇਰਾ। ਵੱਟ ਮੇਰੀ। ਵੱਟ ਮੈਂ ਆਪਣੀ ਵੱਢਦਾਂ ਹਾਂ। ਤੁਹਾਨੂੰ ਕੀ ਤਕਲੀਫ ਹੋਈ”

ਸ਼ਦੀਕ ਨੇ ਚਮਕ ਕੇ ਆਖਿਆ, “ਖੇਤ ਤੇਰੇ ਕਿਧਰੋਂ ਹੋ ਗਏ? ਅਸੀਂ ਪੱਕੀ ਵੰਡ ਕਰਾਣੀ ਏ ਪਟਵਾਰੀ ਨੂੰ ਬੁਲਾ ਕੇ।”

ਜਹਾਨੇ ਨੇ ਕਹੀ ਸੰਭਾਲਦਿਆਂ ਕਿਹਾ, “ਵੰਡ ਪਹਿਲਾਂ ਕਿਹੜਾ ਕੱਚੀ ਹੋਈ ਏ। ਟੱਕ ਤੁਸਾਂ ਆਪ ਮੱਲਿਆ, ਖੇਤਾਂ ਨਾਲ ਖੇਤ ਨੇ। ਵਾਹੀ ਜ਼ੋਰ ਤੇ ਮਿਹਨਤ ਮੰਗਦੀ ਏ। ਦਾਤੀਆਂ ਵਟਾਇਆਂ ਵਾਢੀ ਨਹੀਂ ਹੁੰਦੀ।” ਅਤੇ ਉਸ ਦੋ ਟੁੱਕ ਕਹੀ ਦੇ ਮਾਰੇ।

ਸ਼ਦੀਕ ਨੇ ਖਿੱਝ ਕੇ ਕਿਹਾ, “ਤੈਨੂੰ ਕਿਹਾ ਏ ਨਾਂ, ਵੱਟ ਨਾਂ ਵੱਢ। ਤੂੰ ਬੰਦੇ ਦੇ ਪੁੱਤਰਾਂ ਵਾਂਗ ਹੱਟਣਾ ਏ ਜਾਂ ਦੂਜੀ ਤਰ੍ਹਾਂ ਹਟਾਈਏ।”

ਜਾਹਨੇ ਨੇ ਇੱਕ ਟੱਕ ਹੋਰ ਮਾਰਿਆ ਤੇ ਕਿਹਾ, “ਜਾਉ, ਜਾਉ ਆਪਣਾ ਕੰਮ ਕਰੋ। ਬੇਰੀ ਉਡੀਕਦੀ ਜੇ।”

23