ਪੰਨਾ:ਪੱਕੀ ਵੰਡ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੱਟ ਤੇ ਆ ਗਈ। ਉਹਨੂੰ ਹੌਲ ਪੈ ਰਹੇ ਸਨ। ਉਹਦਾ ਦਿਲ ਕੀਤਾ ਚੀਕ ਮਾਰਾਂ ਅਤੇ ਅੱਗੇ ਹੋ ਰਮਜਾਨ ਨੂੰ ਰੋਕ ਲਵਾਂ। ਪਰ ਬੇਵੱਸ ਕੁਝ ਨਾ ਕਰ ਸਕੀ ਸਿਵਾਏ ਉਹਨੂੰ ਭਿੱਜੀਆਂ ਅੱਖਾਂ ਤੇ ਹੌਲਦੇ ਦਿਲ ਨਾਲ ਜਾਂਦਾ ਵੇਖਣ ਦੇ। ਉਸ ਵੇਖਿਆ ਜਾਹਨੇ ਨੇ ਐਨ ਖਾਲ ਕੋਲ ਜਾ ਕੇ ਪੰਡ ਸਿਰੋਂ ਲਾਹ ਦਿੱਤੀ ਜਿੱਥੇ ਦੋਹੀਂ ਪਾਸੀਂ ਦੁੱਲਾ ਤੇ ਸ਼ਦੀਕ ਲੁਕੇ ਹੋਏ ਸਨ। ਇੱਕ, ਇੱਕ ਪਾਸੇ ਅਤੇ ਦੂਜਾ, ਦੂਜੇ ਪਾਸੇ। ਉਹਨਾਂ ਸੋਟੇ ਥਾਂ ਹੀ ਛੱਡ ਦਿੱਤੇ ਅਤੇ ਦੋਵੇਂ ਦੋਹਾਂ ਪਾਸਿਆਂ ਤੋਂ ਇਸ ਤਰ੍ਹਾਂ ਨਿਕਲ ਖੂਹ ਨੂੰ ਤੁਰ ਪਏ ਜਿਵੇਂ ਜੰਗਲ ਪਾਣੀ ਜਾਂ ਪਿਸ਼ਾਬ ਬੈਠੇ ਹੋਣ ਅਤੇ ਖੁਹ ਤੱਕ ਜਾਂਦਿਆਂ ਉਹਨਾਂ ਇੱਕ ਵਾਰ ਵੀ ਪਿਛਾਂਹ ਮੁੜਕੇ ਨਾ ਵੇਖਿਆ। ਪਰ ਨੂਰੀ ਨੇ ਵੇਖਿਆ ਜਹਾਨੇ ਨੇ ਦੋਹਾਂ ਪਾਸਿਆਂ ਤੋਂ ਸੋਟੇ ਚੱਕੇ ਤੇ ਅਰਾਮ ਨਾਲ ਪੰਡ ਚੱਕ ਪਿੰਡ ਨੂੰ ਤੁਰ ਗਿਆ। ਨੂਰੀ ਦਾ ਸਾਹ ਵਿੱਚ ਸਾਹ ਤਾਂ ਆਉਣਾ ਹੀ ਸੀ। ਓਹ ਦਿਲੋਂ ਖੁਸ਼ੀ ਨਾਲ ਫੁੱਲ ਵਾਂਗ ਖਿੜ ਗਈ।

ਦੁੱਲਾ ਅਤੇ ਸ਼ਦੀਕ ਰੋਟੀ ਖਾਂਦੇ ਵੀ ਪਲਿਤਨ ਵੱਸ ਸਨ ਅਤੇ ਆਪੋ ਵਿੱਚ ਵੀ ਅੱਖ ਨਹੀਂ ਸਨ ਮਿਲਾ ਰਹੇ। ਰਾਤੀਂ ਜਦ ਕਾਦਰਾ ਦਿੱਤਾ “ਕੁੱਟਣ ਗਏ ਸੋਟੇ ਵੀ ਖੁਹਾ ਆਏ ਓ।”

ਤਾਂ ਦੋਹਾਂ ਨੇ ਖੱਸਿਆ ਕੇ ਕਿਹਾ, “ਕਰਦੇ ਕੀ ਉਸ ਸਾਨੂੰ ਪਿੱਠ ਈ ਨਹੀਂ ਦਿੱਤੀ ਸਗੋਂ ਪੰਡ ਸਾਡੇ ਵਿਚਾਲੇ ਆ ਸੁੱਟੀ। ਇੰਝ ਸੀ ਜਿਵੇਂ ਕਿਤੇ ਉਹਨੂੰ ਸੂਹ ਮਿਲ ਗਈ ਹੋਵੇ।”

ਪਰ ਖਿਝੀ ਜਿਹੀ ਕਾਦਰੀ ਨੇ ਆਖਿਆ, “ਤੁਹਾਥੋਂ ਨਹੀਂ ਇਹ ਸਾਨ੍ਹ ਵਲਿਆ ਜਾਣਾ। ਤੁਸੀਂ ਦਮ ਰੱਖੋ ਤੇ ਸਾਨੂੰ ਛੁੱਟੀ ਦਿਉ।”

ਫਿਰ ਉਹ ਅੰਦਰੋਂ ਬਾਹਰ ਆਈ ਅਤੇ ਚੌਂਕੇ ਵਿੱਚ ਬੈਠੀ ਨੂਰੀ ਨੂੰ ਕਿਹਾ, “ਨੀ ਨੂਰੋ, ਤੇਰੇ ਭਾਵੇਂ ਹੱਥ ਚੜ੍ਹ ਜਾਏ। ਰੱਬ ਨੇ ਰੂਪ ਦੀ ਤੇਰੇ ਤੇ ਰਹਿਮਤ ਕੀਤੀ ਤੇ ਏ। ਮਾਰ ਰੂਪ ਦਾ ਤੀਰ ਤੇ ਪੱਟ ਲੈ। ਤੈਨੂੰ ਖੁੱਲ੍ਹੀ ਛੁੱਟੀ ਏ। ਨਾਲੇ ਕਾਮਾ ਨਾਲੇ ਜ਼ਮੀਨ। ਨਾਲੇ ਕਿਹੜਾ ਕਥਾਉਂ ਏ। ਛੋਟਾ ਦਿਉਰ ਹੀ ਲਗਦਾ ਏ।”

ਨੂਰੀ ਦੇ ਮਨ ਹੀ ਮਨ ਲੱਡੂ ਤਾਂ ਫੁੱਟੇ ਪਰ ਉੱਤੋਂ ਕਿਹਾ, “ਆਹੋ ਭੈਣਾਂ

30