ਪੰਨਾ:ਪੱਕੀ ਵੰਡ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਪਿਆਂ ਸਹੀ ਸੋਨੇ ਵਰਗੀ ਦੇਖ ਕੇ ਹੀ ਰੱਖਿਆ ਹੋਵੇਗਾ।

ਫਿਰ ਇੱਕ ਦਿਨ ਉਹ ਥੋੜਾ ਜਿਹਾ ਹੋਰ ਅੱਗੇ ਵੱਧ ਗਿਆ। ਉਸ ਦਿਨ ਉਸ ਖੂਹ ਜੁਤਾ ਹੋਇਆ ਸੀ ਅਤੇ ਗਾਧੀ ਉੱਤੇ ਬੈਠਾ ਬਲਦ ਹਿੱਕ ਰਿਹਾ ਸੀ। ਗਰਮੀ ਪੂਰੀ ਸੀ। ਮਿਰਚਾਂ 'ਚੋਂ ਘਾਹ ਖੋਤਰਦੀ ਸੋਨਾ ਆਈ ਅਤੇ ਉਹਦੇ ਵੱਲ ਪਿੱਠ ਕਰਕੇ ਔਲੂ ਤੇ ਬੈਠ ਕੇ ਹੱਥ ਪੈਰ ਧੋਣ ਲੱਗੀ। ਉਸ ਪਹਿਲਾਂ ਥੋੜੀਆਂ ਬਾਹਵਾਂ ਕੁੰਜ ਕੂਹਣੀਆਂ ਤੱਕ ਬਾਹਾਂ ਧੋਤੀਆਂ। ਫਿਰ ਓਕ ਭਰ ਕੁਰਲੀ ਕੀਤੀ। ਫਿਰ ਗਿੱਲੇ ਹੱਥ ਘੁੰਡ ਵਿੱਚ ਕਰ ਮੂੰਹ ਤੇ ਫੇਰੇ। ਦੁਪੱਟੇ ਦਾ ਹੇਠਲਾ ਪੱਲਾ ਫੜ ਮੂੰਹ ਖੁਸ਼ਕ ਕੀਤਾ। ਅਤੇ ਫਿਰ ਉਹ ਪੱਲਾ ਸਿਰ ਤੇ ਪਾ ਘੁੰਡ ਡਬਲ ਕਰ ਲਿਆ। "ਹਾ ਤੇਰੇ ਦੀ", ਸੋਹਣ ਨੇ ਬਲਦ ਨੂੰ ਪਾਣੀ ਫੇਰੀ ਅਤੇ ਹੌਕਾ ਭਰ ਕੇ ਛਾਤੀ ਹੌਲੀ ਕੀਤੀ। ਜਿਵੇਂ ਦੋਹਰੇ ਘੁੰਡ ਹੇਠਾਂ ਹਵਾ ਭਾਰੀ ਹੋ ਗਈ ਹੋਵੇ ਅਤੇ ਸਾਹ ਗਾਧੀ ਉੱਤੇ ਬੈਠੇ ਸੋਹਣ ਦਾ ਘਟ ਰਿਹਾ ਹੋਵੇ। ਅਤੇ ਅਜੇ ਬਲਦਾਂ ਨੇ ਗੇੜਾ ਈ ਲਿਆਂਦਾ ਸੀ ਕਿ ਸੋਨਾ ਨੇ ਦੋਵੇਂ ਪੈਰ ਪਾਣੀ ਵਿੱਚ ਪਾ ਦਿੱਤੇ ਅਤੇ ਸਲਵਾਰ ਦੇ ਪਰ ਗੋਡਿਆਂ ਤੱਕ ਚੁੱਕ ਲਏ। ਉਹਦੀਆਂ ਲਸ਼-ਲਸ਼ ਕਰਦੀਆਂ ਗੋਰੀਆਂ ਪਿੰਜਣੀਆ ਮਛਲੀ ਦੇ ਮੂੰਹ ਤੱਕ ਚਮਕੀਆਂ।

"ਤੌਬਾ! ਤੋਬਾ! ਨਿਰਾ ਸੋਨਾ, ਨਿਰਾ ਕੁੰਦਨ! ਨਹੀਂ ਸਗੋਂ ਪਾਰਸ!" ਅਤੇ ਸੋਹਨ ਦੀ ਨਜ਼ਰ ਪਿੰਜਣੀਆਂ ਤੋਂ ਹੁੰਦੀ ਸੋਨਾ ਦੇ ਸਰੀਰ ਨਾਲ ਘਿਸਰਦੀ ਹੋਠਾ ਅੱਖਾਂ ਤੱਕ ਚਲੀ ਗਈ।

ਸੋਨਾ ਨੇ ਪੈਰ ਧੋ ਜੁੱਤੀ ਪਾਈ, ਪੌਹਚੇ ਹੇਠਾਂ ਸੱਟੇ ਅਤੇ ਮਿਰਚਾਂ ਵਲ ਹੈ ਪਈ।

ਸੋਹਣ ਦੇ ਧੁਰ ਅੰਦਰੋਂ ਇੱਕ ਹੁਕ ਉਠੀ ਅਤੇ ਦਿਲ ਛੇਕ ਗਈ। ਉਸ ਬਲਦ ਨੂੰ ਚੱਡੀ ਦਿੰਦਿਆਂ ਕਿਹਾ, "ਉਹ ਜਿਉਂ ਦਾ ਰਈਂ ਚੰਨਾ ਜਵਾਨੀਆਂ ਮਾਣ, ਰੂਪ ਸਦਾ ਨਹੀਂ ਰਹਿਣਾ। ਸੱਜਣਾ, ਮੇਲਾ ਚਾਰ ਦਿਨਾਂ ਦਾ।"

ਸੋਨਾ ਨੇ ਪਿੱਠ ਭਵਾ ਪਿਛੇ ਨੂੰ ਦੇਖਿਆ ਤਾਂ ਉਹ ਗਾਧੀ ਉੱਤੇ ਖਲੋਕੇ ਬਲਦ ਦੇ ਪੂੜੇ ਤੇ ਪਿਆਰ ਦਾ ਹੱਥ ਫੇਰ ਰਿਹਾ ਸੀ। ਉਸ ਦਿਨ ਪਿੱਛੋਂ ਅਣਦੇਖੀ

82